ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 60 ਦਿਨਾਂ ’ਚ ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ 49 ਡਰੋਨ ਮਾਰ ਸੁੱਟੇ ਹਨ ਜਾਂ ਬਰਾਮਦ ਕੀਤੇ ਹਨ।
ਤਾਜ਼ਾ ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ 2022 ਤੋਂ ਜਨਵਰੀ ਤੋਂ ਮਈ ਦੀ ਮਿਆਦ ’ਚ ਚੀਨ ’ਚ ਬਣੇ ਡਰੋਨਾਂ ਦੀ ਕੁਲ ਬਰਾਮਦਗੀ ’ਚ ਲਗਭਗ 13 ਗੁਣਾ ਵਾਧਾ ਹੋਇਆ ਹੈ। ਇਹ ਡਰੋਨ ਪਾਕਿਸਤਾਨ ਤੋਂ ਭਾਰਤ ਦੀ ਪੰਜਾਬ ਅਤੇ ਰਾਜਸਥਾਨ ਸਰਹੱਦ ’ਚ ਦਾਖਲ ਹੁੰਦੇ ਹਨ।
ਚੋਣ ਕਮਿਸ਼ਨ ਵਲੋਂ 16 ਮਾਰਚ ਨੂੰ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਦੇਸ਼ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ।
ਭਾਰਤ ਅਤੇ ਪਾਕਿਸਤਾਨ ਵਿਚਾਲੇ 2,289 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੀ ਰਾਖੀ ਕਰਨ ਵਾਲੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਅੰਕੜਿਆਂ ਅਤੇ ਵਿਸ਼ਲੇਸ਼ਣ ਅਨੁਸਾਰ 16 ਮਾਰਚ ਤੋਂ ਲੈ ਕੇ ਹੁਣ ਤਕ ਸੁਰੱਖਿਆ ਏਜੰਸੀਆਂ ਨੇ ਕੁਲ 49 ਡਰੋਨ ਬਰਾਮਦ ਕੀਤੇ ਹਨ ਜਾਂ ਉਨ੍ਹਾਂ ਨੂੰ ਮਾਰ ਸੁੱਟਿਆ ਹੈ।
ਸੱਭ ਤੋਂ ਵੱਧ 47 ਡਰੋਨ ਪੰਜਾਬ ’ਚ ਬਰਾਮਦ ਕੀਤੇ ਗਏ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।
ਬਾਕੀ ਦੋ ਡਰੋਨ ਰਾਜਸਥਾਨ ਸਰਹੱਦ ਨੇੜੇ ਸ਼੍ਰੀਗੰਗਾਨਗਰ ਅਤੇ ਬੀਕਾਨੇਰ ਸੈਕਟਰਾਂ ਤੋਂ ਬਰਾਮਦ ਕੀਤੇ ਗਏ ਸਨ। ਬੀ.ਐਸ.ਐਫ. ਇਸ ਸਰਹੱਦ ਦੀ ਸੁਰੱਖਿਆ ਲਈ ਵੀ ਜ਼ਿੰਮੇਵਾਰ ਹੈ।
ਸਾਲ 2020 ’ਚ ਜੰਮੂ ਸਰਹੱਦ ’ਤੇ ਪਹਿਲੀ ਵਾਰ ਡਰੋਨ ਬਰਾਮਦ ਹੋਣ ਤੋਂ ਬਾਅਦ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨਾਲ ਲੈਸ ਡਰੋਨ ਹਵਾ ਰਾਹੀਂ ਪਾਕਿਸਤਾਨ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੁੰਦੇ ਹਨ ਅਤੇ ਇਹ ਖਤਰਾ ਨੇੜਲੇ ਭਵਿੱਖ ਵਿਚ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ। ’’
ਅਧਿਕਾਰੀ ਨੇ ਕਿਹਾ, ‘‘ਮੰਨਿਆ ਜਾਂਦਾ ਹੈ ਕਿ ਅਜਿਹੇ ਡਰੋਨ ਬੀਐਸਐਫ ਅਤੇ ਰਾਜ ਪੁਲਿਸ ਵਰਗੇ ਸੁਰੱਖਿਆ ਬਲਾਂ ਦੀ ਮਸ਼ੀਨਰੀ ਨੂੰ ਚਕਮਾ ਦੇਣ ’ਚ ਮਾਹਰ ਹਨ ਪਰ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸਮੇਂ ਦੇ ਨਾਲ ਇਨ੍ਹਾਂ ਏਜੰਸੀਆਂ ਦੀ ਸਮਰੱਥਾ ’ਚ ਸੁਧਾਰ ਹੋਇਆ ਹੈ ਅਤੇ ਉਹ ਉਨ੍ਹਾਂ ਦਾ ਪਤਾ ਲਗਾਉਣ ’ਚ ਸਮਰੱਥ ਹਨ।’’