Sunday, December 8, 2024
HomePUNJABਈਰਾਨ ਦੇ ਕਬਜ਼ੇ ਵਾਲੇ ਸ਼ਿਪ ‘ਤੇ ਸਵਾਰ ਭਾਰਤੀ ਮਹਿਲਾ ਚਾਲਕ ਦਲ ਮੈਂਬਰ...

ਈਰਾਨ ਦੇ ਕਬਜ਼ੇ ਵਾਲੇ ਸ਼ਿਪ ‘ਤੇ ਸਵਾਰ ਭਾਰਤੀ ਮਹਿਲਾ ਚਾਲਕ ਦਲ ਮੈਂਬਰ ਦੀ ਸੁਰੱਖਿਅਤ ਵਾਪਸੀ

ਓਮਾਨ ਦੀ ਖਾੜੀ ਵਿਚ ਈਰਾਨ ਵਲੋਂ ਜ਼ਬਤ ਕੀਤੇ ਜਹਾਜ਼ ਵਿਚੋਂ ਛੁਡਾਈ ਗਈ ਭਾਰਤੀ ਡੇਕ ਕੈਡੇਟ ਐਨ ਟੇਸਾ ਜੋਸੇਫ ਦੀ ਭਾਰਤ ਵਾਪਸੀ ਹੋ ਗਈ ਹੈ। ਵੀਰਵਾਰ (18 ਅਪ੍ਰੈਲ) ਨੂੰ ਐਨ ਟੇਸਾ ਜੋਸੇਫ ਕੇਰਲ ਦੇ ਕੋਚੀਨ ਹਵਾਈ ਅੱਡੇ ‘ਤੇ ਉਤਰੀ। ਇਥੇ ਖੇਤਰੀ ਪਾਸਪੋਰਟ ਅਫ਼ਸਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜੋਸੇਫ ਦੇ ਦੇਸ਼ ਪਰਤਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ, “ਸ਼ਾਨਦਾਰ ਕੰਮ ਭਾਰਤੀ ਦੂਤਾਵਾਸ, ਖੁਸ਼ੀ ਹੈ ਕਿ ਐਨ ਟੇਸਾ ਜੋਸੇਫ ਘਰ ਪਹੁੰਚ ਗਈ ਹੈ। ਮੋਦੀ ਦੀ ਗਾਰੰਟੀ ਦੇਸ਼ ਹੋਵੇ ਜਾਂ ਵਿਦੇਸ਼ ਹਰ ਥਾਂ ਕੰਮ ਕਰਦੀ ਹੈ”।

ਦਰਅਸਲ, ਇਜ਼ਰਾਈਲ ‘ਤੇ ਹਮਲੇ ਤੋਂ ਪਹਿਲਾਂ ਈਰਾਨ ਨੇ ਓਮਾਨ ਦੀ ਖਾੜੀ ਦੇ ਹੋਰਮੁਜ਼ ਦੱਰੇ ਤੋਂ ਭਾਰਤ ਆ ਰਹੇ ਪੁਰਤਗਾਲੀ ਝੰਡੇ ਵਾਲੇ ਜਹਾਜ਼ ਨੂੰ ਜ਼ਬਤ ਕਰ ਲਿਆ ਸੀ। ਇਹ ਜਾਣਕਾਰੀ 13 ਅਪ੍ਰੈਲ ਨੂੰ ਦਿਤੀ ਗਈ। ਇਸ ‘ਤੇ ਚਾਲਕ ਦਲ ਦੇ 25 ਮੈਂਬਰ ਮੌਜੂਦ ਸਨ, ਜਿਨ੍ਹਾਂ ‘ਚੋਂ 17 ਭਾਰਤੀ ਅਤੇ ਦੋ ਪਾਕਿਸਤਾਨੀ ਸਨ। ਜਹਾਜ਼ ਵਿਚ 16 ਭਾਰਤੀ ਅਜੇ ਵੀ ਸਵਾਰ ਹਨ। ਇਹ ਜਹਾਜ਼ ਇਕ ਇਜ਼ਰਾਈਲੀ ਅਰਬਪਤੀ ਦਾ ਸੀ ਅਤੇ ਭਾਰਤ ਆ ਰਿਹਾ ਸੀ।

ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਜੋਸੇਫ ਜਹਾਜ਼ ‘ਤੇ ਭਾਰਤੀ ਚਾਲਕ ਦਲ ਦਾ ਹਿੱਸਾ ਸੀ। ਇਸ ਤੋਂ ਪਹਿਲਾਂ ਜੋਸੇਫ ਦੇ ਪਰਿਵਾਰ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ‘ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਰਿਹਾਅ ਕਰਨ ਲਈ ਵਿਦੇਸ਼ ਮੰਤਰਾਲੇ ਨੂੰ ਜੋ ਚਿੱਠੀ ਲਿਖੀ ਸੀ, ਉਸ ‘ਚ ਐਨ ਟੇਸਾ ਦਾ ਨਾਂ ਨਹੀਂ ਸੀ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜੋਸੇਫ ਦੀ ਰਿਹਾਈ ‘ਤੇ ਕਿਹਾ ਹੈ ਕਿ ਭਾਰਤ ਸਰਕਾਰ ਜਹਾਜ਼ ‘ਤੇ ਮੌਜੂਦ ਬਾਕੀ 16 ਭਾਰਤੀਆਂ ਦੇ ਸੰਪਰਕ ‘ਚ ਹੈ। ਚਾਲਕ ਦਲ ਦੇ ਸਾਰੇ ਮੈਂਬਰ ਠੀਕ ਹਨ ਅਤੇ ਭਾਰਤ ਵਿਚ ਅਪਣੇ ਪਰਿਵਾਰਾਂ ਦੇ ਸੰਪਰਕ ਵਿਚ ਹਨ। ਇਨ੍ਹਾਂ ਲੋਕਾਂ ਦੀ ਘਰ ਵਾਪਸੀ ਲਈ ਈਰਾਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਈਰਾਨ ਨੇ ਜਹਾਜ਼ ‘ਤੇ ਮੌਜੂਦ ਦੋਵਾਂ ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਸੀ। ਦੋ ਪਾਕਿਸਤਾਨੀ ਨਾਗਰਿਕਾਂ ਵਿੱਚੋਂ ਇੱਕ ਜਹਾਜ਼ ਵਿੱਚ ਚੀਫ਼ ਆਪਰੇਟਿੰਗ ਅਫ਼ਸਰ ਵਜੋਂ ਕੰਮ ਕਰ ਰਿਹਾ ਸੀ।

ਭਾਰਤ ਦਾ ਵਿਦੇਸ਼ ਮੰਤਰਾਲਾ ਕੂਟਨੀਤਕ ਮਾਧਿਅਮਾਂ ਰਾਹੀਂ ਲਗਾਤਾਰ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਜਹਾਜ਼ ‘ਚ ਫਸੇ ਬਾਕੀ ਭਾਰਤੀਆਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਈਰਾਨ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਅਧਿਕਾਰੀਆਂ ਨੂੰ ਜਲਦ ਹੀ ਚਾਲਕ ਦਲ ‘ਚ ਸ਼ਾਮਲ ਭਾਰਤੀ ਨਾਗਰਿਕਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ।

RELATED ARTICLES

Most Popular