Chief Election Officer Sibin C : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਸ਼ੁੱਕਰਵਾਰ ਨੂੰ ਸੂਬੇ ਦੇ ਲੋਕਾਂ ਸਾਹਮਣੇ ਲਾਈਵ ਹੋਏ। ਸਿਬਿਨ ਸੀ ਨੇ ਸਪੱਸ਼ਟ ਕੀਤਾ ਕਿ ਇਸ ਸਾਲ ਚੋਣ ਪ੍ਰਕਿਰਿਆ ਵਿਚ 70 ਫੀਸਦੀ ਵੋਟਿੰਗ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਵੋਟਰਾਂ ਦੀਆਂ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਲਾਈਵ ਸੈਸ਼ਨ ਦੌਰਾਨ ਉਨ੍ਹਾਂ ਨੇ ਕਮੈਂਟ ਬਾਕਸ ‘ਚ ਭੇਜੇ ਪੰਜਾਬ ਦੇ ਲੋਕਾਂ ਦੇ ਜਵਾਬ ਪੜ੍ਹੇ ਅਤੇ ਲਾਈਵ ਸੈਸ਼ਨ ‘ਚ ਹੀ ਉਨ੍ਹਾਂ ਦਾ ਜਵਾਬ ਵੀ ਦਿੱਤਾ।
ਸਿਬਿਨ ਸੀ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲੋਕ ਅਜੇ ਵੀ ਆਪਣੀ ਵੋਟ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨਾਮਜ਼ਦਗੀਆਂ ਦੀ ਆਖਰੀ ਮਿਤੀ 14 ਮਈ ਰੱਖੀ ਗਈ ਹੈ। ਜਿਸ ਅਨੁਸਾਰ ਪੰਜਾਬ ਦੇ ਲੋਕ 4 ਮਈ ਤੱਕ ਆਪਣੀ ਨਵੀਂ ਵੋਟ ਬਣਵਾ ਸਕਦੇ ਹਨ। ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਲਈ ਨੌਜਵਾਨਾਂ ਨੂੰ ਆਪਣੇ ਬਲਾਕ ਪੱਧਰ ਦੇ ਅਧਿਕਾਰੀ ਨਾਲ ਸੰਪਰਕ ਕਰਨਾ ਹੋਵੇਗਾ। ਇਸ ਤੋਂ ਇਲਾਵਾ ਨੌਜਵਾਨ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਸੰਪਰਕ ਕਰ ਸਕਦੇ ਹਨ। ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਨਵੀਂ ਵੋਟ ਵੋਟਰ ਸੂਚੀ ਵਿਚ ਸ਼ਾਮਲ ਕੀਤੀ ਜਾਵੇਗੀ।
ਚੋਣ ਅਧਿਕਾਰੀ ਨੇ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨਾਲ ਆਉਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਮਰਦਾਂ ਅਤੇ ਔਰਤਾਂ ਤੋਂ ਇਲਾਵਾ ਹਰ ਬੂਥ ‘ਤੇ ਤੀਜੀ ਲਾਈਨ ਵੀ ਹੋਵੇਗੀ। ਜਿਸ ਵਿੱਚ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਔਰਤਾਂ ਨੂੰ ਥਾਂ ਦਿੱਤੀ ਜਾਵੇਗੀ। ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਚੋਣਾਂ ਵਿਚ ਕਰੀਬ 25,500 ਮੁਲਾਜ਼ਮ ਚੋਣ ਡਿਊਟੀ ’ਤੇ ਰੱਖੇ ਗਏ ਹਨ। ਪਰ ਇਸ ਵਿਚ ਵੀ 14 ਹਜ਼ਾਰ ਦੇ ਕਰੀਬ ਅਧਿਆਪਕ ਹਨ। ਚੋਣ ਕਮਿਸ਼ਨ ਸਮਝਦਾ ਹੈ ਕਿ ਅਧਿਆਪਕਾਂ ਦੀਆਂ ਡਿਊਟੀਆਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਅਗਲੇ ਸਾਲ ਤੋਂ ਅਧਿਆਪਕਾਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਿਬਿਨ ਸੀ ਨੇ ਦੱਸਿਆ ਕਿ ਸੀ-ਵਿਜਿਲ ਐਪ ‘ਤੇ ਹੁਣ ਤੱਕ 1600 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਜਿਸ ਵਿੱਚੋਂ 99% ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਸਿਬਿਨ ਸੀ ਨੇ ਕਿਹਾ ਕਿ ਲੋਕ ਇਸ ਐਪ ‘ਤੇ ਆਪਣੇ ਲੋਕ ਸਭਾ ਹਲਕੇ ਵਿਚ ਹੋ ਰਹੀਆਂ ਨਿਯਮਾਂ ਦੀ ਉਲੰਘਣਾ ਬਾਰੇ ਜਾਣਕਾਰੀ ਦੇ ਸਕਦੇ ਹਨ। ਇਸ ਐਪ ‘ਤੇ 100 ਮਿੰਟਾਂ ਦੇ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।