Monday, May 27, 2024
HomePUNJABਭਾਰਤ ਦੀ 8 ਫ਼ੀ ਸਦੀ ਵਿਕਾਸ ਦਰ ਵਾਲਾ ਅਨੁਮਾਨ ਸਾਡਾ ਨਹੀਂ: ਕੌਮਾਂਤਰੀ...

ਭਾਰਤ ਦੀ 8 ਫ਼ੀ ਸਦੀ ਵਿਕਾਸ ਦਰ ਵਾਲਾ ਅਨੁਮਾਨ ਸਾਡਾ ਨਹੀਂ: ਕੌਮਾਂਤਰੀ ਮੁਦਰਾ ਕੋਸ਼

ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨੇ ਭਾਰਤ ਦੀ ਵਿਕਾਸ ਦਰ ’ਤੇ ਅਪਣੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਨਾਮੂਰਤੀ ਸੁਬਰਾਮਣੀਅਮ ਦੀ ਹਾਲੀਆ ਟਿਪਣੀ ਤੋਂ ਦੂਰੀ ਬਣਾ ਲਈ ਹੈ। ਆਈ.ਐੱਮ.ਐੱਫ. ਨੇ ਕਿਹਾ ਹੈ ਕਿ ਸੁਬਰਾਮਣੀਅਮ ਉਸ ਦੇ ਮੰਚ ’ਤੇ ਭਾਰਤ ਦੇ ਪ੍ਰਤੀਨਿਧੀ ਦੀ ਭੂਮਿਕਾ ’ਚ ਸਨ। ਆਈ.ਐੱਮ.ਐੱਫ. ਦੀ ਬੁਲਾਰਾ ਜੂਲੀ ਕੋਜਕਾਕ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਸੁਬਰਾਮਣੀਅਮ ਨੇ ਜੋ ਵਿਚਾਰ ਪ੍ਰਗਟ ਕੀਤੇ ਉਹ ਆਈ.ਐੱਮ.ਐੱਫ. ’ਚ ਭਾਰਤ ਦੇ ਪ੍ਰਤੀਨਿਧੀ ਵਜੋਂ ਉਨ੍ਹਾਂ ਦੀ ਭੂਮਿਕਾ ’ਚ ਸਨ।’’

ਉਹ ਸੁਬਰਾਮਣੀਅਮ ਦੇ ਤਾਜ਼ਾ ਬਿਆਨਾਂ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ ਜਿਸ ’ਚ ਉਸ ਨੇ ਭਾਰਤ ਲਈ ਅੱਠ ਫ਼ੀ ਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਸੀ। ਇਹ ਆਈ.ਐੱਮ.ਐੱਫ. ਵਲੋਂ ਜਾਰੀ ਕੀਤੇ ਗਏ ਪਿਛਲੇ ਵਿਕਾਸ ਦਰ ਦੇ ਅਨੁਮਾਨਾਂ ਤੋਂ ਵੱਖਰਾ ਹੈ।

ਸੁਬਰਾਮਣੀਅਮ ਨੇ 28 ਮਾਰਚ ਨੂੰ ਨਵੀਂ ਦਿੱਲੀ ’ਚ ਇਕ ਪ੍ਰੋਗਰਾਮ ’ਚ ਕਿਹਾ ਸੀ ਕਿ ਜੇਕਰ ਦੇਸ਼ ਪਿਛਲੇ 10 ਸਾਲਾਂ ’ਚ ਲਾਗੂ ਕੀਤੀਆਂ ਚੰਗੀਆਂ ਨੀਤੀਆਂ ਨੂੰ ਦੁੱਗਣਾ ਕਰ ਦਿੰਦਾ ਹੈ ਅਤੇ ਸੁਧਾਰਾਂ ’ਚ ਤੇਜ਼ੀ ਲਿਆਉਂਦਾ ਹੈ ਤਾਂ ਭਾਰਤੀ ਅਰਥਵਿਵਸਥਾ 2047 ਤਕ 8 ਫੀ ਸਦੀ ਦੀ ਦਰ ਨਾਲ ਵਧ ਸਕਦੀ ਹੈ। ਉਨ੍ਹਾਂ ਨੇ ਕਿਹਾ ਸੀ, ‘‘…ਇਸ ਲਈ ਮੂਲ ਵਿਚਾਰ ਇਹ ਹੈ ਕਿ ਪਿਛਲੇ 10 ਸਾਲਾਂ ’ਚ ਭਾਰਤ ਨੇ ਜਿਸ ਤਰ੍ਹਾਂ ਦੀ ਵਿਕਾਸ ਦਰ ਦਰਜ ਕੀਤੀ ਹੈ, ਜੇ ਅਸੀਂ ਪਿਛਲੇ 10 ਸਾਲਾਂ ’ਚ ਲਾਗੂ ਕੀਤੀਆਂ ਚੰਗੀਆਂ ਨੀਤੀਆਂ ਨੂੰ ਦੁੱਗਣਾ ਕਰ ਸਕਦੇ ਹਾਂ ਅਤੇ ਸੁਧਾਰਾਂ ਨੂੰ ਤੇਜ਼ ਕਰ ਸਕਦੇ ਹਾਂ, ਤਾਂ ਭਾਰਤ ਨਿਸ਼ਚਤ ਤੌਰ ’ਤੇ 2047 ਤਕ ਇੱਥੋਂ ਅੱਠ ਫ਼ੀ ਸਦੀ ਤਕ ਵਧ ਸਕਦਾ ਹੈ।’’

ਆਈ.ਐੱਮ.ਐੱਫ. ਦੀ ਬੁਲਾਰਾ ਨੇ ਸਪੱਸ਼ਟ ਕੀਤਾ, ‘‘ਸਾਡੇ ਕੋਲ ਕਾਰਜਕਾਰੀ ਨਿਰਦੇਸ਼ਕਾਂ ਦਾ ਕਾਰਜਕਾਰੀ ਬੋਰਡ ਹੈ। ਇਹ ਦੇਸ਼ਾਂ ਜਾਂ ਰਾਸ਼ਟਰਾਂ ਦੇ ਸਮੂਹਾਂ ਦੇ ਪ੍ਰਤੀਨਿਧ ਹੁੰਦੇ ਹਨ। ਇਹ ਨਿਸ਼ਚਤ ਤੌਰ ’ਤੇ ਆਈ.ਐੱਮ.ਐੱਫ. ਸਟਾਫ ਦੇ ਕੰਮ ਤੋਂ ਵੱਖਰਾ ਹੈ। ਆਈ.ਐੱਮ.ਐੱਫ. ਅਗਲੇ ਕੁੱਝ ਹਫਤਿਆਂ ’ਚ ਅਪਣੇ ਵਿਸ਼ਵ ਆਰਥਕ ਦ੍ਰਿਸ਼ਟੀਕੋਣ ’ਚ ਸੋਧ ਕਰੇਗਾ। ਪਰ ਜਨਵਰੀ ਤਕ ਸਾਡਾ ਵਿਕਾਸ ਅਨੁਮਾਨ 6.5 ਫ਼ੀ ਸਦੀ ਦੀ ਦਰਮਿਆਨੀ ਮਿਆਦ ਦੀ ਵਿਕਾਸ ਦਰ ਦਾ ਸੀ ਅਤੇ ਇਹ ਅਕਤੂਬਰ ਦੇ ਮੁਕਾਬਲੇ ਥੋੜ੍ਹਾ ਜਿਹਾ ਵਾਧਾ ਸੀ। ਮੁੜ ਅਸੀਂ ਕੁੱਝ ਹਫਤਿਆਂ ’ਚ ਤਾਜ਼ਾ ਭਵਿੱਖਬਾਣੀ ਪੇਸ਼ ਕਰਾਂਗੇ।’’

RELATED ARTICLES

Most Popular