Sunday, December 8, 2024
HomePUNJABਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ‘ਚ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ...

ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ‘ਚ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਬਠਿੰਡਾ ਵਿਖੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੂੰ ਹਰਾ ਕੇ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।

ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਰਾਮ ਉਦਾਸੀ ਦੀ ਕਵਿਤਾ ‘ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!’ਦਾ ਗਾਇਨ ਕਰਦਿਆਂ ਕਿਹਾ ਕਿ ਅਸੀਂ ਸੰਤ ਰਾਮ ਉਦਾਸੀ, ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਸਰਕਾਰੀ ਦਫ਼ਤਰਾਂ ‘ਚ ਆਗੂਆਂ ਦੀ ਥਾਂ ‘ਤੇ ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਦੀਆਂ ਫ਼ੋਟੋਆਂ ਲਗਾਉਣ ਦਾ ਕੰਮ ਕੀਤਾ, ਕਿਉਂਕਿ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਅਤੇ ਡਾ. ਅੰਬੇਡਕਰ ਜੀ ਨੇ ਸੰਵਿਧਾਨ ਲਿਖ ਕੇ ਦੇਸ਼ ਦੀ ਆਜ਼ਾਦੀ ਨੂੰ ਬਚਾਇਆ।

ਭਗਵੰਤ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਹਿੰਦੇ ਸਨ ਕਿ ਗ੍ਰੀਨ ਕਾਰਡ, ਨੀਲੇ ਕਾਰਡ, ਲਾਲ ਕਾਰਡ ਅਤੇ ਪੀਲੇ ਕਾਰਡ ਨਾਲ ਦੇਸ਼ ਦੀ ਗਰੀਬੀ ਦੂਰ ਨਹੀਂ ਕੀਤੀ ਜਾ ਸਕਦੀ। ਸਿੱਖਿਆ ਰਾਹੀਂ ਹੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ। ਇਸੇ ਲਈ ਬਾਬਾ ਸਾਹਿਬ ਨੇ ਸਿੱਖਿਆ ‘ਤੇ ਬਹੁਤ ਜ਼ੋਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ‘ਆਪ’ ਸਰਕਾਰ ਦਿੱਲੀ ਅਤੇ ਪੰਜਾਬ ਵਿੱਚ ਗਰੀਬ ਬੱਚਿਆਂ ਦੀ ਚੰਗੀ ਸਿੱਖਿਆ ਲਈ ਵਿਸ਼ਵ ਪੱਧਰੀ ਸਕੂਲ ਬਣਾ ਰਹੀ ਹੈ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰ ਰਹੀ ਹੈ। ਬਠਿੰਡਾ ਜਨ ਸਭਾ ਦਾ ਸਿਰਲੇਖ (ਟਾਈਟਲ) ਵੀ ਇਹੀ ਰੱਖਿਆ ਗਿਆ, ‘ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਕੇਜਰੀਵਾਲ ਤੇ ਭਗਵੰਤ ਮਾਨ ਕਰੇਗਾ ਪੂਰਾ’।

ਉਨ੍ਹਾਂ ਕਿਹਾ ਕਿ ਮੈਂ ਆਮ ਲੋਕਾਂ ਦੀ ਮਜਬੂਰੀ ਨੂੰ ਉਨ੍ਹਾਂ ਦੀ ਇੱਛਾ ਵਿਚ ਬਦਲਣਾ ਚਾਹੁੰਦਾ ਹਾਂ। ਅੱਜ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਤੁਹਾਡੀ ਮਜਬੂਰੀ ਹੈ। ਤੁਹਾਨੂੰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ‘ਤੇ ਇਸ ਸਮੇਂ ਭਰੋਸਾ ਨਹੀਂ ਹੈ, ਕਿਉਂਕਿ ਉੱਥੇ ਚੰਗੀਆਂ ਸਹੂਲਤਾਂ ਅਤੇ ਪ੍ਰਬੰਧ ਨਹੀਂ ਹਨ। ਇਸ ਲਈ ਮੈਂ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਐਨਾ ਸੁਧਾਰ ਕਰਨਾ ਚਾਹੁੰਦਾ ਹਾਂ ਕਿ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਨੂੰ ਚੁਣਨਾ ਆਮ ਲੋਕਾਂ ਦੀ ਪਸੰਦ ਹੋਵੇ, ਮਜਬੂਰੀ ਨਹੀਂ।

ਦਲਿਤ ਵਿਦਿਆਰਥੀਆਂ ਬਾਰੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਮੰਤਰੀਆਂ ਨੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੇ ਪੈਸੇ ਦਾ ਗਬਨ ਕੀਤਾ, ਜਿਸ ਕਾਰਨ ਕੇਂਦਰ ਨੇ ਵਜ਼ੀਫ਼ੇ ਦੇ ਪੈਸੇ ਦੇਣਾ ਬੰਦ ਕਰ ਦਿੱਤਾ। ਹੁਣ ਅਸੀਂ ਸਖ਼ਤ ਹੁਕਮ ਦਿੱਤੇ ਹਨ ਕਿ ਕਿਸੇ ਵੀ ਦਲਿਤ ਵਿਦਿਆਰਥੀ ਦੀ ਡਿਗਰੀ ਵਜ਼ੀਫ਼ੇ ਦੇ ਪੈਸੇ ਕਾਰਨ ਨਾ ਰੋਕੀ ਜਾਵੇ ਤਾਂ ਜੋ ਉਨ੍ਹਾਂ ਦਾ ਸਾਲ ਬਰਬਾਦ ਨਾ ਹੋਵੇ।

ਉਨ੍ਹਾਂ ਪੰਜਾਬ ਸਰਕਾਰ ਦੀ ਘਰ-ਘਰ ਰਾਸ਼ਨ ਸਕੀਮ ਬਾਰੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਰਾਸ਼ਨ ਨਹੀਂ ਘਟਾਇਆ, ਇਹ ਲੋਕ 3 ਮਹੀਨੇ ਬਾਅਦ 15 ਕਿੱਲੋ ਰਾਸ਼ਨ ਦਿੰਦੇ ਸਨ, ਜਦੋਂ ਕਿ ਹੁਣ ਅਸੀਂ ਹਰ ਮਹੀਨੇ 5 ਕਿੱਲੋ ਰਾਸ਼ਨ ਦੇ ਰਹੇ ਹਾਂ। ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਕਿਸੇ ਨੇ ਇਹ ਵੀ ਅਫ਼ਵਾਹ ਫੈਲਾਈ ਹੈ ਕਿ ਸਰਕਾਰ ਵੱਲੋਂ ਸਿਰਫ਼ ਆਟਾ ਹੀ ਦਿੱਤਾ ਜਾਵੇਗਾ। ਅਜਿਹਾ ਨਹੀਂ ਹੈ। ਇਹ ਬਿਲਕੁਲ ਗ਼ਲਤ ਖ਼ਬਰ ਹੈ। ਲੋਕਾਂ ਕੋਲ ਦੋਵੇਂ ਵਿਕਲਪ ਹਨ। ਤੁਸੀਂ ਆਟਾ ਜਾਂ ਕਣਕ ਵਿਚੋਂ ਕੁੱਝ ਵੀ ਲੈ ਸਕਦੇ ਹੋ। ਉਨ੍ਹਾਂ ਕਿਹਾ ਅਸੀਂ ਲੋਕਾਂ ਨੂੰ ਮੰਡੀਆਂ ਵਿੱਚ ਆਈ ਲਾਲ ਰੰਗ ਦੀ ਇਕ ਨੰਬਰ ਅਤੇ ਬਿਲਕੁਲ ਤਾਜ਼ਾ ਕਣਕ ਦੇ ਰਹੇ ਹਾਂ।

ਭਾਸ਼ਣ ਦੌਰਾਨ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਵਾਰ ਬਠਿੰਡਾ ਤੋਂ ਵੀ ਬਾਦਲ ਪਰਿਵਾਰ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੀ ਤੋਂ ਬਾਅਦ ਹੁਣ ਬਠਿੰਡਾ ‘ਚ ਵੀ ਬਾਦਲ ਪਰਿਵਾਰ ਦੀ ਆਖ਼ਰੀ ਕਿੱਲ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਪੁੱਟਣਗੇ।

ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਅੰਗਰੇਜ਼ਾਂ ਅਤੇ ਮੁਗ਼ਲਾਂ ਵਾਂਗ ਲੁੱਟਿਆ। ਅੰਗਰੇਜ਼ ਅਤੇ ਮੁਗ਼ਲ ਦੇਸ਼ ਨੂੰ ਲੁੱਟਣ ਲਈ ਆਏ ਸਨ, ਅਸੀਂ ਇਸ ਗੱਲ ਤੋਂ ਘੱਟ ਦੁਖੀ ਹਾਂ, ਪਰ ਬਾਦਲ ਪਰਿਵਾਰ ਨੇ ਸੇਵਾ ਅਤੇ ਧਰਮ ਦੇ ਨਾਂ ‘ਤੇ ਪੰਜਾਬ ਨੂੰ ਲੁੱਟਿਆ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ। ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਮਿਲਣਗੇ।

ਭਗਵੰਤ ਮਾਨ ਨੇ ਸੁਖਪਾਲ ਖਹਿਰਾ ਅਤੇ ਕਾਂਗਰਸ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਖਹਿਰਾ ਪੰਜਾਬੀ ਬਹੁਤ ਬੋਲਦੇ ਹਨ, ਪਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਨਹੀਂ ਕਰ ਸਕਦੇ।  ਉਨ੍ਹਾਂ ਨੂੰ 20 ਫ਼ੀਸਦੀ ਅੰਕ ਵੀ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਮੌਕਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਨੌਜਵਾਨਾਂ ਨੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਖਹਿਰਾ ਇਸ ਮੁੱਦੇ ਨੂੰ ਬੇਲੋੜਾ ਉਠਾ ਰਹੇ ਹਾਂ।

ਉਨ੍ਹਾਂ ਕਾਂਗਰਸ ਪਾਰਟੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਆਪਸੀ ਦੋਸਤੀ ਕੱਛੂ ਅਤੇ ਚੂਹੇ ਵਰਗੀ ਹੈ। ਹਰ ਕੋਈ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ 3 ਕਾਲੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ – ਗੁਰਮੀਤ ਸਿੰਘ ਖੁੱਡੀਆਂ

ਇਸ ਦੌਰਾਨ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਉਹ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਜ਼ਰੂਰ ਸਬਕ ਸਿਖਾਉਣ।  ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਸੰਸਦ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਉਹ ਕਦੇ ਵੀ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਨਹੀਂ ਹੋਏ। ਬੀਬੀ ਬਾਦਲ ਚੋਣਾਂ ਦੌਰਾਨ ਹੀ ਵੋਟਾਂ ਮੰਗਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਵਾਰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ।

RELATED ARTICLES

Most Popular