ਚੰਡੀਗੜ੍ਹ: ਚੰਡੀਗੜ੍ਹ ‘ਚ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਲਈ ਪ੍ਰਚਾਰ ਕਰਨ ਆਏ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇੱਥੇ ਸੋਮਵਾਰ ਨੂੰ ਇੱਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੀ ਚੋਣ ਰਾਮ ਦੇ ਨਾਂ ਦੇ ਦੁਆਲੇ ਘੁੰਮ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਧਾਰਨਾ ਬਣ ਚੁੱਕੀ ਹੈ ਕਿ ‘ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ’।
ਸ਼ੁਰੂ ਤੋਂ ਹੀ ਭਾਸ਼ਣ ਰਾਮ ਮੰਦਰ ਅਤੇ ਇਸ ਦੀ ਉਸਾਰੀ ‘ਤੇ ਕੇਂਦਰਿਤ ਕਰਦਿਆਂ ਯੋਗੀ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਰਾਮ ਮੰਦਰ ਦਾ ਵਿਰੋਧ ਕੀਤਾ ਸੀ ਪਰ ਰਾਮ ਮੰਦਰ ਬਣ ਗਿਆ ਅਤੇ ਕੋਈ ਦੰਗਾ ਵੀ ਨਹੀਂ ਹੋਇਆ। ਯੋਗੀ ਨੇ ਕਿਹਾ ਕਿ ਜਦੋਂ ਤੋਂ ਉਹ ਸੱਤਾ ਵਿਚ ਆਏ ਹਨ, ਉਦੋਂ ਤੋਂ ਨਾ ਸਿਰਫ਼ ਦੰਗੇ ਬੰਦ ਹੋ ਗਏ ਹਨ, ਸਗੋਂ ਸੜ੍ਹਕਾਂ ‘ਤੇ ਨਮਾਜ ਵੀ ਪੜ੍ਹੀ ਜਾਣੀ ਬੰਦ ਹੋ ਗਈ ਤੇ ਮਸੀਤਾਂ ਦੀਆਂ ਮੀਨਾਰਾਂ ‘ਤੋਂ ਮਾਈਕ ਵੀ ਉਤਰ ਗਏ ਹਨ ਤੇ ਉਹ ਲੋਕ ਕਹਿਣ ਲੰਗ ਪਏ ਹਨ ਕਿ ਉਹ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ ਤੇ ਹੁਣ ਤੇ ਅਯੁੱਧਿਆ ਵਿੱਚ ਰਾਮਲਲਾ ਵੀ ਵਿਰਾਜਮਾਨ ਹੋ ਗਏ ਹਨ।
ਕਾਂਗਰਸ ਤੇ “ਆਪ” ‘ਤੇ ਨਿਸ਼ਾਨਾ ਸਾਰਿਆਂ ਯੋਗੀ ਨੇ ਕਿਹਾ ਕਿ ਪੰਜਾਬ ਵਿੱਚ ਮਾਫ਼ੀਆ ਦਾ ਬੋਲਬਾਲਾ ਹੈ, ਜਦੋਂਕਿ ਹੁਣ ਯੂਪੀ ਵਿੱਚ ਮਾਫੀਆ ਵੀ ਖਤਮ ਹੋ ਗਿਆ ਹੈ ਤੇ ਹਾਲਾਤ ਇਹ ਹਨ ਕਿ ਮਾਫੀਆ ਦੀਆਂ ਕਬਰਾਂ ‘ਤੇ ਵੀ ਕੋਈ ਮਰਤੀਆ ਪੜ੍ਹਣ ਵੀ ਨਹੀਂ ਜਾਂਦਾ ਨਹੀਂ ਜਾਂਦਾ। ਯੂਪੀ ਦੇ ਮੁੱਖ ਮੰਤਰੀ ਨੇ ਰਾਹੁਲ ਗਾਂਧੀ’ਤੇ ਵੀ ਨਿਸ਼ਾਨੇ ਲਗਾਏ ‘ਤੇ ਕਿਹਾ ਕਿ ਦੇਸ਼ ਵਿਚ ਸੰਕਟ ਵੇਲੇ ਉਹ ਵਿਦੇਸ਼ ਨੱਸ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਵਿਰੋਧੀ ਕਿਤੇ ਨਹੀਂ ਦਿਸੇ ਤੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਲੋਕਾਂ ਦੀ ਸੇਵਾ ਕੀਤੀ। ਯੋਗੀ ਨੇ ਕਿਹਾ ਕਿ ਦੇਸ਼ ਨੂੰ ਮਜ਼ਬੂਤ ਬਨਾਉਣ ਲਈ ਭਾਜਪਾ ਨੂੰ ਵੋਟ ਦੇਣਾ ਚਾਹੀਦਾ ਹੈ। ਰੈਲੀ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜੇਪੀ ਮਲਹੋਤਰਾ ਤੇ ਹੋਰ ਆਗੂ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਸੰਜੇ ਟੰਡਨ ਨੇ ਯੋਗੀ ਦਾ ਸੁਆਗਤ ਕੀਤਾ।