ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਨੇ ਅਮਰੀਕਾ ‘ਚ ਬੈਠ ਕੇ ਗੈਂਗ ਚਲਾਉਣ ਵਾਲੇ ਹੈਪੀ ਜੱਟ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲ, 4 ਮੈਗਜ਼ੀਨ ਅਤੇ 35 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਲਦੀ ਹੀ ਪੁਲਿਸ ਆਰੋਪੀਆਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕਰੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਏਸੀਪੀ ਇਨਵੈਸਟੀਗੇਸ਼ਨ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਆਈਏ ਸਟਾਫ਼-2 ਗੁਰੂ ਦੀ ਵਡਾਲੀ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਸੂਚਨਾ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੂੰ ਅੰਮ੍ਰਿਤਸਰ ਦੇ ਪੌਸ਼ ਇਲਾਕੇ ਬਸੰਤ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇੜਿਓਂ ਗ੍ਰਿਫਤਾਰ ਕੀਤਾ ਗਿਆ।
ਪੁਲੀਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਸਾਗਰ ਸਿੰਘ, ਸ਼ਰਨਜੀਤ ਸਿੰਘ ਵਾਸੀ ਗੰਗ ਗੁਰੂਵਾਲੀ ਤਰਨਤਾਰਨ ਰੋਡ ਅਤੇ ਮਨਪ੍ਰੀਤ ਸਿੰਘ ਵਾਸੀ ਪਾਵਰ ਕਲੋਨੀ ਮਜੀਠਾ ਰੋਡ ਵਜੋਂ ਹੋਈ ਹੈ।
ਹੈਪੀ ਜੱਟ ਨੇ ਦਿੱਤੇ ਸਨ ਹਥਿਆਰ
ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਆਰੋਪੀਆਂ ਨੂੰ ਅਮਰੀਕਾ ਸਥਿਤ ਗੈਂਗਸਟਰ ਹੈਪੀ ਜੱਟ ਨੇ ਹਥਿਆਰ ਦਿੱਤੇ ਸਨ। ਮੁਲਜ਼ਮਾਂ ਕੋਲੋਂ ਦੋ 45 ਬੋਰ ਪਿਸਤੌਲ, 33 ਜਿੰਦਾ ਰੌਂਦ ਅਤੇ 4 ਮੈਗਜ਼ੀਨ ਤੋਂ ਇਲਾਵਾ ਇੱਕ 32 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਹਥਿਆਰਾਂ ਦੀ ਸਪਲਾਈ ਚੇਨ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਪਹਿਲਾਂ ਵੀ ਕਈ ਕੇਸ ਦਰਜ
ਫੜੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਪੰਜਾਬ ਦੇ ਕਈ ਥਾਣਿਆਂ ਵਿੱਚ ਕੇਸ ਦਰਜ ਹਨ। ਮਨਪ੍ਰੀਤ ਸਿੰਘ ਖ਼ਿਲਾਫ਼ ਕਪੂਰਥਲਾ ਵਿੱਚ ਧਾਰਾ 307 ਤਹਿਤ ਕੇਸ ਦਰਜ ਹੈ। ਇਸ ਦੇ ਨਾਲ ਹੀ ਧਾਰਾ 451 ਅਤੇ 380 ਤਹਿਤ ਥਾਣਾ ਸਦਰ ਅੰਮ੍ਰਿਤਸਰ ਵਿੱਚ ਇੱਕ ਹੋਰ ਕੇਸ ਦਰਜ ਹੈ। ਇਸ ਤੋਂ ਇਲਾਵਾ ਜਲੰਧਰ ਦੇ ਥਾਣਾ ਨਿਊ ਬਾਰਾਦਰੀ ‘ਚ ਸ਼ਰਨਜੀਤ ਸਿੰਘ ਖਿਲਾਫ ਧਾਰਾ 177, 419 ਅਤੇ 420 ਆਦਿ ਤਹਿਤ ਮਾਮਲਾ ਦਰਜ ਹੈ।