ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਿਚਰਵਾਰ ਨੂੰ ਕਿਹਾ ਕਿ 4 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਗਿਣਤੀ ਤੋਂ ਬਾਅਦ ਕੇਂਦਰ ’ਚ ਬਣਨ ਵਾਲੀ ਸਰਕਾਰ ’ਚ ਆਮ ਆਦਮੀ ਪਾਰਟੀ (ਆਪ) ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ’ਚ 400 ਸੀਟਾਂ ਨਹੀਂ ਜਿੱਤ ਸਕੇਗੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ’ਤੇ ਰਿਹਾਅ ਕੀਤੇ ਜਾਣ ਤੋਂ ਇਕ ਦਿਨ ਬਾਅਦ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਤਾਨਾਸ਼ਾਹੀ ਨੂੰ ਚੁਨੌਤੀ ਦੇਣ ਵਾਲਾ ਦਸਿਆ। ਭਗਵੰਤ ਮਾਨ ਨੇ ‘ਦਿੱਲੀ ਦੇ ਇਨਕਲਾਬੀ ਲੋਕਾਂ ਦਾ ਧੰਨਵਾਦ’ ਕੀਤਾ ਜੋ ਮੁਸ਼ਕਲ ਸਮੇਂ ’ਚ ਪਾਰਟੀ ਦੇ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ, ‘‘ਲੋਕ ਸੁਣਨਾ ਚਾਹੁੰਦੇ ਹਨ ਕਿ ਕੇਜਰੀਵਾਲ ਦੇਸ਼ ਦੀ ਸਿਆਸਤ ਦੀ ਸਥਿਤੀ ਅਤੇ ਦਿਸ਼ਾ ਬਾਰੇ ਕੀ ਕਹਿਣਗੇ।’’
ਭਗਵੰਤ ਮਾਨ ਨੇ ਸੰਕਟ ਦੀ ਘੜੀ ’ਚ ਅਪਣੀ ਪਾਰਟੀ ਨਾਲ ਡਟ ਕੇ ਖੜ੍ਹੇ ਹੋਣ ਲਈ ਦਿੱਲੀ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਤੁਹਾਡਾ ਸਾਥ ਸਾਨੂੰ ਥਕਾਵਟ ਮਹਿਸੂਸ ਨਹੀਂ ਹੋਣ ਦਿੰਦੀ। ਤੁਸੀਂ ਸੱਚੇ ਅਤੇ ਵਫ਼ਾਦਾਰ ਹੋ।’’ਭਗਵੰਤ ਮਾਨ ਨੇ ਕਿਹਾ ਕਿ ਸਖ਼ਤ ਮਿਹਨਤ ਦੀ ਲੋੜ ਹੈ ਕਿਉਂਕਿ ਚੋਣਾਂ ਲਈ ਸਿਰਫ 20 ਦਿਨ ਬਚੇ ਹਨ।
ਉਨ੍ਹਾਂ ਕਿਹਾ, ‘‘ਸਾਨੂੰ ਸਖਤ ਮਿਹਨਤ ਕਰਨੀ ਪਵੇਗੀ। ਵੋਟਿੰਗ ਲਈ ਸਿਰਫ 20 ਦਿਨ ਬਚੇ ਹਨ। ਸਾਡੇ ਕੋਲ 12 ਘੰਟਿਆਂ ਦੇ ਮੁਕਾਬਲੇ 18 ਘੰਟੇ ਕੰਮ ਹੈ। ਪਹਿਲੇ ਤਿੰਨ ਗੇੜਾਂ ਦੀ ਵੋਟਿੰਗ ਨੇ ਵਿਖਾਇਆ ਹੈ ਕਿ ਮੋਦੀ ਜੀ ਲਈ 400 ਦਾ ਅੰਕੜਾ ਪਾਰ ਕਰਨਾ ਸੰਭਵ ਨਹੀਂ ਹੈ।’’