ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਰਗੇ ਵੱਖ-ਵੱਖ ‘ਜੁਮਲੇਬਾਜ਼ਾਂ’ ਵੱਲੋਂ ਚੋਣਾਂ ਦੌਰਾਨ ਕੀਤੇ ‘ਜੁਮਲਿਆਂ’ (ਝੂਠੇ ਵਾਅਦਿਆਂ) ਤੋਂ ਸੁਚੇਤ ਕੀਤਾ ਹੈ, ਜਿਹੜੇ ਚੋਣਾਂ ਵੇਲੇ ਤਾਂ ਚੰਦ ਤੱਕ ਜਾਣ ਦਾ ਵਾਧਾ ਕਰਦੇ ਹਨ, ਪਰ ਚੋਣਾਂ ਤੋਂ ਬਾਅਦ ਸਭ ਭੁੱਲ ਜਾਂਦੇ ਹਨ।
ਭਾਜਪਾ ਅਤੇ ‘ਆਪ’ ਨੂੰ ਕਦੇ ਵੀ ਪੂਰੇ ਨਾ ਕੀਤੇ ਗਏ ਝੂਠੇ ਵਾਅਦਿਆਂ ਦੀ ਯਾਦ ਦਿਵਾਉਂਦੇ ਹੋਏ, ਉਨ੍ਹਾਂ ਕਿਹਾ, “ਤੁਸੀਂ ਕਈ ਵਾਰ ਕੁਝ ਲੋਕਾਂ ਨੂੰ ਧੋਖਾ ਦੇ ਸਕਦੇ ਹੋ ਅਤੇ ਤੁਸੀਂ ਹਰ ਸਮੇਂ ਕੁਝ ਲੋਕਾਂ ਨੂੰ ਧੋਖਾ ਦੇ ਸਕਦੇ ਹੋ, ਪਰ ਤੁਸੀਂ ਸਾਰੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ ਹੋ।”
ਇੱਥੇ ਵੱਖ-ਵੱਖ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ, ਵੜਿੰਗ ਨੇ ਭਾਜਪਾ ਨੂੰ ਹਰ ਭਾਰਤੀ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਅਤੇ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਵਰਗੇ ਵਾਅਦੇ ਯਾਦ ਕਰਵਾਏ। ਪਰ ਉਸਦੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਸੱਤਾ ‘ਚ ਆਏ ਢਾਈ ਸਾਲ ਹੋ ਗਏ ਹਨ ਅਤੇ ਇਹ 1000 ਰੁਪਏ ਭੁੱਲ ਗਈ ਹੈ। ਪਰ ਜਿੰਨ੍ਹਾਂ ਮਹਿਲਾਵਾਂ ਨੂੰ ਧੋਖਾ ਦਿੱਤਾ ਗਿਆ, ਉਹ ਨਹੀਂ ਭੁਲੀਆਂ ਹਨ ਅਤੇ ਉਹ 1 ਜੂਨ ਨੂੰ ਕਾਂਗਰਸ ਨੂੰ ਵੋਟ ਪਾ ਕੇ ‘ਆਪ’ ਨੂੰ ਇਸਦਾ ਅਹਿਸਾਸ ਕਰਵਾਉਣਗੀਆਂ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁਫ਼ਤ ਬਿਜਲੀ ਦੇਣ ਦਾ ਦਾਅਵਾ ਕਰ ਰਹੀ ਹੈ, ਜਿਸਦੀ ਸ਼ੁਰੂਆਤ ਵੀ ਕਾਂਗਰਸ ਸਰਕਾਰ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਤਾਂ ਕਾਂਗਰਸ ਸਰਕਾਰ ਨੇ ਨਾ ਸਿਰਫ਼ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਸੀ, ਸਗੋਂ ਪਿਛਲੇ ਸਾਰੇ ਬਕਾਏ ਵੀ ਮੁਆਫ਼ ਕਰ ਦਿੱਤੇ ਸਨ, ਜਿਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸਦੇ ਮੁਕਾਬਲੇ ਕਾਂਗਰਸ ਨੇ ਹਮੇਸ਼ਾ ਪਹਿਲ ਦੇ ਆਧਾਰ ‘ਤੇ ਆਪਣੇ ਵਾਅਦੇ ਪੂਰੇ ਕੀਤੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਰੀਬਾਂ, ਦਲਿਤਾਂ ਅਤੇ ਲੋੜਵੰਦਾਂ ਲਈ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ 2013 ਵਿਚ ਨੈਸ਼ਨਲ ਫੂਡ ਸਕਿਓਰਿਟੀ ਐਕਟ ਲਿਆ ਕੇ ਨਾ ਸਿਰਫ ਪੰਜਾਬ ਵਿਚ ਸਗੋਂ ਪੂਰੇ ਦੇਸ਼ ਵਿਚ ਗਰੀਬਾਂ ਨੂੰ ਮੁਫਤ ਰਾਸ਼ਨ ਦੇਣ ਦੀ ਸ਼ੁਰੂਆਤ ਕੀਤੀ ਸੀ, ਜਿਸਨੂੰ ਭੋਜਨ ਦਾ ਅਧਿਕਾਰ ਕਾਨੂੰਨ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਐਲਾਨ ਕੀਤਾ ਕਿ ਨਾ ਤਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਨਾ ਹੀ ਪੰਜਾਬ ਦੀ ‘ਆਪ’ ਸਰਕਾਰ ਮੁਫ਼ਤ ਖਾਣੇ ਵਿੱਚ ਇੱਕ ਕਿੱਲੋ ਵੀ ਵਾਧਾ ਕਰ ਸਕੇ ਹਨ। ਇਸਦੇ ਨਾਲ ਹੀ 4 ਜੂਨ ਨੂੰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੁਫਤ ਰਾਸ਼ਨ ਦੀ ਮਾਤਰਾ ਦੁੱਗਣੀ ਕਰ ਦਿੱਤੀ ਜਾਵੇਗੀ, ਜਿਸ ਤਹਿਤ ਗਰੀਬਾਂ ਨੂੰ 5 ਤੋਂ 10 ਕਿਲੋ ਤੱਕ ਮੁਫਤ ਰਾਸ਼ਨ ਮਿਲੇਗਾ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਹਰ ਗਰੀਬ ਪਰਿਵਾਰ ਨੂੰ ਹਰ ਮਹੀਨੇ 8500 ਰੁਪਏ ਦੇ ਕੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਕ੍ਰਾਂਤੀਕਾਰੀ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਸਿੱਧੇ ਪਰਿਵਾਰ ਦੀ ਮਹਿਲਾ ਮੈਂਬਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ।
ਵੜਿੰਗ ਨੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਤੇ ਕਾਂਗਰਸ ਨੂੰ ਹੀ ਵੋਟ ਪਾਉਣ ਨੂੰ ਯਕੀਨੀ ਬਣਾਉਣ ਲਈ ਸੁਚੇਤ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜੀਆਂ ਵੀ ਵੋਟਾਂ ਕਾਂਗਰਸ ਨੂੰ ਨਹੀਂ ਜਾਣਗੀਆਂ, ਉਨ੍ਹਾਂ ਦਾ ਸਿੱਧਾ ਲਾਭ ਭਾਜਪਾ ਨੂੰ ਹੋਵੇਗਾ, ਕਿਉਂਕਿ ਬਾਕੀ ਸਾਰੇ ਉਮੀਦਵਾਰ ਭਾਵੇਂ ਉਹ ਕਿਸੇ ਵੀ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਹੋਣ, ਉਹ ਸਿਰਫ਼ ਭਾਜਪਾ ਦੇ ਹੀ ਨੁਮਾਇੰਦੇ ਹਨ, ਜੋ ਸਿਰਫ਼ ਕਾਂਗਰਸ ਦੀਆਂ ਹੀ ਵੋਟਾਂ ਕੱਟਣਗੇ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਚੋਣਾਂ ਲੜ ਰਹੇ ਹਨ।