ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਉੱਤਰ-ਪਛਮੀ ਦਿੱਲੀ ਦੇ ਜਹਾਂਗੀਰਪੁਰੀ ’ਚ ਭਗਵਾਨ ਰਾਮ ਦੀ ਤਸਵੀਰ ਵਾਲੀ ਡਿਸਪੋਜ਼ੇਬਲ ਪਲੇਟਾਂ ’ਚ ਬਿਰਯਾਨੀ ਵੇਚਣ ਦੀ ਸ਼ਿਕਾਇਤ ਕਰਨ ਵਾਲੇ ਇਕ ਵਿਅਕਤੀ ਨੂੰ ਕੁੱਝ ਸਮੇਂ ਲਈ ਹਿਰਾਸਤ ’ਚ ਲਿਆ ਹੈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁੱਛ-ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਦੁਕਾਨਦਾਰ ਨੇ ਇਕ ਫੈਕਟਰੀ ਤੋਂ 1000 ਪਲੇਟਾਂ ਖਰੀਦੀਆਂ ਸਨ ਅਤੇ ਉਨ੍ਹਾਂ ਵਿਚੋਂ ਸਿਰਫ ਚਾਰ ’ਤੇ ਭਗਵਾਨ ਰਾਮ ਦੀ ਤਸਵੀਰ ਸੀ। ਅਧਿਕਾਰੀ ਨੇ ਕਿਹਾ, ‘‘ਉਸ ਨੇ ਸਾਨੂੰ ਦਸਿਆ ਕਿ ਉਸ ਨੂੰ ਪਲੇਟਾਂ ’ਤੇ ਭਗਵਾਨ ਰਾਮ ਦੀ ਤਸਵੀਰ ਬਾਰੇ ਪਤਾ ਨਹੀਂ ਸੀ ਅਤੇ ਫੈਕਟਰੀ ਮਾਲਕਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ।’’
ਸਨਿਚਰਵਾਰ ਸ਼ਾਮ ਨੂੰ ਦਿੱਲੀ ਪੁਲਿਸ ਨੂੰ ਜਹਾਂਗੀਰਪੁਰੀ ਇਲਾਕੇ ਤੋਂ ਕਿਸੇ ਦਾ ਫੋਨ ਆਇਆ ਕਿ ਇਕ ਵਿਅਕਤੀ ਪਲੇਟਾਂ ’ਚ ਭਗਵਾਨ ਰਾਮ ਦੀ ਤਸਵੀਰ ਵਾਲੀ ਬਿਰਯਾਨੀ ਵੇਚ ਰਿਹਾ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ, ‘‘ਜਦੋਂ ਟੀਮ ਮੌਕੇ ’ਤੇ ਪਹੁੰਚੀ ਤਾਂ ਕੁੱਝ ਲੋਕਾਂ ਨੂੰ ਦੁਕਾਨ ਦੇ ਬਾਹਰ ਪ੍ਰਦਰਸ਼ਨ ਕਰਦੇ ਵੇਖਿਆ ਗਿਆ। ਉਨ੍ਹਾਂ ਨੂੰ ਮਾਮਲੇ ਦੀ ਉਚਿਤ ਜਾਂਚ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ ਗਿਆ।’’
ਉਨ੍ਹਾਂ ਕਿਹਾ ਕਿ ਦੁਕਾਨ ਨੂੰ ਪਹਿਲਾਂ ਆਈ.ਪੀ.ਸੀ. ਦੀ ਧਾਰਾ 107/151 ਤਹਿਤ ਹਿਰਾਸਤ ’ਚ ਲਿਆ ਗਿਆ ਅਤੇ ਬਾਅਦ ’ਚ ਛੱਡ ਦਿਤਾ ਗਿਆ। ਅਧਿਕਾਰੀ ਨੇ ਦਸਿਆ ਕਿ ਪਲੇਟਾਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਅਧਿਕਾਰੀ ਨੇ ਦਸਿਆ ਕਿ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।