ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰ.ਐੱਸ.ਐੱਸ. ਨੇ ਦੇਸ਼ ਦੇ ਹਿੰਦੂਆਂ ਨੂੰ ਦੋ ਸ਼੍ਰੇਣੀਆਂ ‘ਨਾਗਪੁਰੀਆ ਅਤੇ ਭਾਰਤੀ ਹਿੰਦੂ’ ’ਚ ਵੰਡ ਦਿਤਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਭਾਰਤੀਆਂ ਲਈ ਆਸਥਾ ਦਾ ਵਿਸ਼ਾ ਹਨ ਅਤੇ ਉਨ੍ਹਾਂ ਦੇ ਨਾਮ ਦੀ ਵਰਤੋਂ ਸਿਆਸੀ ਲਾਭ ਲਈ ਨਹੀਂ ਕੀਤੀ ਜਾਣੀ ਚਾਹੀਦੀ। ਟਿਕੈਤ ਨੇ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਪਿੰਡਾਂ ਦੇ ਮੰਦਰਾਂ ’ਤੇ ਕਬਜ਼ਾ ਕਰ ਲੈਣਗੇ।
ਪੀ.ਟੀ.ਆਈ. ਨੂੰ ਦਿਤੇ ਇੰਟਰਵਿਊ ’ਚ ਉਨ੍ਹਾਂ ਕਿਹਾ, ‘‘ਰਾਮ ਸਾਡੇ ਲਈ ਆਸਥਾ ਦਾ ਮਾਮਲਾ ਹੈ। ਰਾਮ ਸਾਡੇ ਦਿਲਾਂ ’ਚ ਵਸਦਾ ਹੈ। ਪਿੰਡਾਂ ਦੇ ਲੋਕਾਂ ਤੋਂ ਵੱਧ ਰਾਮ ਦਾ ਨਾਮ ਕੋਈ ਨਹੀਂ ਲੈਂਦਾ। ਉਹ ਅਜੇ ਵੀ ਇਕ-ਦੂਜੇ ਨੂੰ ਮਿਲਣ ’ਤੇ ‘ਰਾਮ-ਰਾਮ’ ਕਹਿੰਦੇ ਹਨ, ਨਾ ਕਿ ‘ਨਮਸਤੇ’ ਜਾਂ ‘ਪ੍ਰਣਾਮ’।’’
ਉਨ੍ਹਾਂ ਕਿਹਾ, ‘‘ਉਹ ਰਾਮ ਨੂੰ ਰਾਜਨੀਤੀ ਨਾਲ ਕਿਉਂ ਜੋੜ ਰਹੇ ਹਨ? ਕੀ ਭਾਜਪਾ ਦਾ ਸਮਰਥਨ ਨਾ ਕਰਨ ਵਾਲੇ ਹਿੰਦੂ ਰਾਮ ਮੰਦਰ ਨਹੀਂ ਜਾ ਸਕਦੇ? ਉਹ ਜਾ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਦੇਸ਼ ’ਚ ਹੁਣ ਦੋ ਤਰ੍ਹਾਂ ਦੇ ਹਿੰਦੂ ਹਨ। ਉਨ੍ਹਾਂ ਕਿਹਾ, ‘‘ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਨਾਗਪੁਰੀ ਹਿੰਦੂ ਹਨ ਜਾਂ ਭਾਰਤੀ ਹਿੰਦੂ। ਕੀ ਮੈਨੂੰ ਨਾਗਪੁਰ ਤੋਂ ਹਿੰਦੂ ਹੋਣ ਦਾ ਸਰਟੀਫਿਕੇਟ ਮਿਲੇਗਾ?’’ ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਦਾ ਮੁੱਖ ਦਫ਼ਤਰ ਨਾਗਪੁਰ, ਮਹਾਰਾਸ਼ਟਰ ’ਚ ਹੈ।
ਜਾਟ ਨੇਤਾ, ਜੋ ਕਿਸਾਨ ਅੰਦੋਲਨ ਦਾ ਇਕ ਪ੍ਰਮੁੱਖ ਚਿਹਰਾ ਰਹੇ ਹਨ, ਨੇ ਅਫਸੋਸ ਜ਼ਾਹਰ ਕੀਤਾ ਕਿ ਕੁੱਝ ਕਿਸਾਨ ‘ਨਾਗਪੁਰੀ ਹਿੰਦੂ’ ਵੀ ਬਣ ਰਹੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਚੋਣਾਂ ’ਚ ਰਾਮ ਮੰਦਰ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ, ‘‘ਇਸ ਚੋਣ ’ਚ ਜਾਤੀ ਨਾਲ ਜੁੜੇ ਮੁੱਦੇ ਇਕ ਵੱਡਾ ਮੁੱਦਾ ਹਨ। ਇਹ ਲੰਮੇ ਸਮੇਂ ਬਾਅਦ ਹੋ ਰਿਹਾ ਹੈ ਕਿ ਲੋਕ ਜਾਤੀ ਆਧਾਰ ’ਤੇ ਲਾਮਬੰਦ ਹੋ ਰਹੇ ਹਨ। ਇਸ ਵਾਰ ਧਰਮ ਕੰਮ ਨਹੀਂ ਕਰ ਰਿਹਾ।’’
ਟਿਕੈਤ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਅਪਣੇ ਦਮ ’ਤੇ 370 ਸੀਟਾਂ ਅਤੇ ਕੌਮੀ ਲੋਕਤੰਤਰੀ ਗਠਜੋੜ ਨੂੰ 400 ਤੋਂ ਵੱਧ ਸੀਟਾਂ ਦੇਣ ਦੇ ਪਾਰਟੀ ਦੇ ਦਾਅਵੇ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ 365 ਸੀਟਾਂ ਜਿੱਤਣ ਲਈ ‘ਇਕ ਦਿਨ, ਇਕ ਸੀਟ’ ਦਾ ਨਵਾਂ ਨਾਅਰਾ ਦੇ ਸਕਦੀ ਹੈ। ਉਨ੍ਹਾਂ ਕਿਹਾ, ‘‘ਜੇਕਰ ਉਨ੍ਹਾਂ ਨੂੰ 400 ਤੋਂ ਵੱਧ ਸੀਟਾਂ ਜਿੱਤਣ ਦਾ ਭਰੋਸਾ ਹੈ ਤਾਂ ਚੋਣਾਂ ਦੀ ਲੋੜ ਕਿਉਂ ਹੈ? (ਸਰਕਾਰ ਦੀ) ਨਵੀਨੀਕਰਨ ਦੀ ਨੀਤੀ ਲਿਆਉ, ਚੋਣਾਂ ਕਰਵਾਉਣ ’ਤੇ ਇੰਨਾ ਖਰਚ ਕਿਉਂ ਕੀਤਾ ਜਾ ਰਿਹਾ ਹੈ।’’
ਕਈ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਨਾਲ ਸਹਿਮਤ ਹੁੰਦੇ ਹੋਏ ਟਿਕੈਤ ਨੇ ਕਿਹਾ, ‘‘ਉਨ੍ਹਾਂ ਨੂੰ ਇਹ ਸੀਟਾਂ ਕਿੱਥੋਂ ਮਿਲ ਰਹੀਆਂ ਹਨ? ਕੀ ਤੁਹਾਨੂੰ ਨਹੀਂ ਲਗਦਾ ਕਿ ਕੁੱਝ ਗਲਤ ਹੈ?’’ ਹਾਲਾਂਕਿ, ਭਾਜਪਾ ਦਾ ਦਾਅਵਾ ਹੈ ਕਿ ਵਿਰੋਧੀ ਪਾਰਟੀਆਂ ਈ.ਵੀ.ਐਮ. ਨਾਲ ਛੇੜਛਾੜ ਦੇ ਝੂਠੇ ਦੋਸ਼ ਲਗਾ ਰਹੀਆਂ ਹਨ, ਕਿਉਂਕਿ ਉਹ ਜਾਣਦੀਆਂ ਹਨ ਕਿ ਉਹ ਚੋਣਾਂ ’ਚ ਹਾਰ ਜਾਣਗੀਆਂ।