ਹਰਿਆਣਾ ਦੇ ਪਲਵਲ ‘ਚ ਇਕ ਨਵ-ਵਿਆਹੁਤਾ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਸੀ। ਲੜਕੀ ਦੇ ਪੇਕੇ ਪ੍ਰਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਸ ਕਾਰਨ ਉਸ ਦੀ ਬੇਟੀ ਕਾਫੀ ਪਰੇਸ਼ਾਨ ਰਹਿੰਦੀ ਸੀ।
ਪਲਵਲ ਸਿਟੀ ਥਾਣੇ ਦੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ 5 ਲੋਕਾਂ ਖਿਲਾਫ ਦਾਜ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਥਾਣਾ ਸਦਰ ਦੇ ਇੰਚਾਰਜ ਰਾਜੇਸ਼ ਕੁਮਾਰ ਅਨੁਸਾਰ ਰਤਨ ਸਿੰਘ ਵਾਸੀ ਚਰੌੜਾ, ਮਥੁਰਾ (ਯੂ.ਪੀ.) ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਲੜਕੀ ਪੂਜਾ ਦਾ ਵਿਆਹ 4 ਮਾਰਚ 2024 ਨੂੰ ਖੇਲਕਾ ਮੁਹੱਲਾ, ਪਲਵਲ ਦੇ ਰਹਿਣ ਵਾਲੇ ਦੀਪਕ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪੂਜਾ ਦਾ ਪਤੀ ਦੀਪਕ, ਸਹੁਰਾ ਦੀਨਾ ਨਾਥ, ਸੱਸ ਭਗਵਤੀ, ਦੀਪਕ ਦਾ ਭਰਾ ਮੁਕੇਸ਼ ਪੂਜਾ ਨੂੰ ਦਾਜ ‘ਚ ਮੋਟਰਸਾਈਕਲ ਅਤੇ ਨਕਦੀ ਨਾ ਲਿਆਉਣ ‘ਤੇ ਤਾਅਨੇ ਮਾਰਦੇ ਸਨ।
ਸਮਝਾਉਣ ਤੋਂ ਬਾਅਦ ਵੀ ਨਹੀਂ ਹੋਇਆ ਰਾਜ਼ੀਨਾਮਾ
ਰਤਨ ਸਿੰਘ ਦਾ ਕਹਿਣਾ ਹੈ ਕਿ ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਉਸ ਦੇ ਸਹੁਰੇ ਵਾਲਿਆਂ ਨੇ ਉਸ ਦੀ ਬੇਟੀ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਪੂਜਾ ਫੋਨ ‘ਤੇ ਰੋਣ ਲੱਗ ਪਈ। ਉਸ ਨੇ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ ਸੀ। ਇਸ ਤੋਂ ਬਾਅਦ ਉਹ ਪਲਵਲ ਆਏ ਅਤੇ ਪੂਜਾ ਦੇ ਸਹੁਰਿਆਂ ਨੂੰ ਸਮਝਾਇਆ। ਕੁਝ ਦਿਨ ਤਾਂ ਸਭ ਕੁਝ ਠੀਕ ਰਿਹਾ ਪਰ ਉਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਪੂਜਾ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਫਾਹਾ ਲਗਾ ਕੇ ਕਤਲ ਕਰਨ ਦਾ ਦੋਸ਼
ਪਿਤਾ ਦਾ ਦੋਸ਼ ਹੈ ਕਿ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਮੁਲਜ਼ਮਾਂ ਨੇ ਉਸ ਦੀ ਧੀ ਨੂੰ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਆਪਣੀ ਧੀ ਦੀ ਮੌਤ ਦੀ ਸੂਚਨਾ ਮਿਲਣ ‘ਤੇ ਜਦੋਂ ਉਹ ਪਰਿਵਾਰ ਸਮੇਤ ਪਲਵਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਲੜਕੀ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।