ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਐਤਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ‘ਇੰਡੀਆ’ ਗੱਠਜੋੜ ਦਾ ਘੱਟੋ-ਘੱਟ ਸਾਂਝਾ ਪ੍ਰੋਗਰਾਮ ਪੇਸ਼ ਕਰਨ ’ਤੇ ਜ਼ੋਰ ਦਿਤਾ। ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਖੜਗੇ ਦਾ ਸਮਰਥਨ ਮੰਗਿਆ ਅਤੇ ਕਾਂਗਰਸ ਪ੍ਰਧਾਨ ਨੂੰ ਇਹ ਵੀ ਦਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ’ਚ ਕਿਵੇਂ ਸਲੂਕ ਕੀਤਾ ਜਾ ਰਿਹਾ ਹੈ।
ਦਿੱਲੀ ’ਚ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ ਤਿਹਾੜ ਜੇਲ੍ਹ ’ਚ ਬੰਦ ਹਨ।
‘ਆਪ’ ਦੇ ਰਾਜ ਸਭਾ ਮੈਂਬਰ ਨੇ ਕਿਹਾ, ‘‘ਸੰਸਦ ਦੇ ਉੱਚ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਦੇ ਤੌਰ ’ਤੇ ਖੜਗੇ ਸਾਡਾ ਸਮਰਥਨ ਕਰ ਰਹੇ ਹਨ ਅਤੇ ਇਸ ਲਈ ਮੈਂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ। ਮੀਟਿੰਗ ਦੌਰਾਨ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ। ਅਸੀਂ (ਭਾਜਪਾ ਦੀ ਅਗਵਾਈ ਵਾਲੀ) ਸਰਕਾਰ ਵਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਅਤੇ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਤਰੀਕੇ ’ਤੇ ਚਰਚਾ ਕੀਤੀ।’’
ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਨੂੰ ਇਹ ਵੀ ਦਸਿਆ ਕਿ ਜੇਲ੍ਹ ’ਚ ਕੇਜਰੀਵਾਲ ਨਾਲ ਕਿਵੇਂ ਸਲੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਧਿਕਾਰ ਕਿਵੇਂ ਖੋਹੇ ਜਾ ਰਹੇ ਹਨ। ਮੈਂ ਉਨ੍ਹਾਂ ਨੂੰ ਇਕ ਪ੍ਰਸਤਾਵ ਰੱਖਿਆ ਕਿ ‘ਇੰਡੀਆ’ ਗੱਠਜੋੜ ਕੋਲ ਚੋਣਾਂ ’ਚ ਲੋਕਾਂ ਦੇ ਸਾਹਮਣੇ ਰੱਖਣ ਲਈ ਇਕ ਸਾਂਝਾ ਘੱਟੋ-ਘੱਟ ਪ੍ਰੋਗਰਾਮ ਹੋਣਾ ਚਾਹੀਦਾ ਹੈ।’’