ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਹਾਕ ਕਮੇਟੀ ਵੱਲੋਂ 28 ਮਾਰਚ ਦੀ ਮੀਟਿੰਗ ਵਿੱਚ ਨਵੀਂ ਕਾਰਜਕਾਰਣੀ ਚੁਣਨ ਦੀ ਕਾਰਵਾਈ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ।
ਕਾਰਜਕਾਰਣੀ ਦੇ ਜਨਰਲ ਸਕੱਤਰ ਰਹੇ ਰਮਣੀਕ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰਾਂ ਗੁਰਮੀਤ ਸਿੰਘ, ਗੁਰਬਖਸ਼ ਸਿੰਘ ਤੇ ਮੋਹਨਜੀਤ ਸਿੰਘ ਨੇ ਐਡਵੋਕੇਟ ਸ਼ਿਵ ਕੁਮਾਰ ਸ਼ਰਮਾ ਰਾਹੀਂ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਪ੍ਰਧਾਨ ਨੇ ਸਲਾਨਾ ਲੇਖਾ ਜੋਖਾ ਬਾਰੇ 28 ਮਾਰਚ ਨੂੰ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਸੀ ਪਰ ਜਦੋਂ ਮੀਟਿੰਗ ਵਿਚ ਪੁੱਜੇ ਤਾਂ ਬਜਟ ਬਾਰੇ ਕੋਈ ਚਰਚਾ ਹੀ ਨਹੀਂ ਹੋਈ, ਉਲਟਾ ਨਵੀਂ ਕਾਰਜਕਾਰਣੀ ਚੁਨਣ ਲਈ ਮਤਾ ਲਿਆ ਦਿੱਤਾ ਗਿਆ।
ਪਟੀਸ਼ਨਰਾਂ ਨੇ ਕਿਹਾ ਕਿ ਨਵੀਂ ਕਾਰਜਕਾਰਣੀ ਚੁਨਣ ਲਈ ਅਪਣਾਈ ਪ੍ਰਕਿਰਿਆ ਐਕਟ ਤੋਂ ਬਾਹਰ ਜਾ ਕੇ ਕੀਤੀ ਗਈ। ਲਿਹਾਜਾ ਇਹ ਗਲਤ ਹੈ ਤੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਤੇ ਸੁਣਵਾਈ ਜਾਰੀ ਰਹਿਣ ਤੱਕ ਰੋਕ ਲਗਾਈ ਜਾਣੀ ਚਾਹੀਦੀ ਹੈ। ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਨੇ ਕਾਰਵਾਈ ‘ਤੇ ਰੋਕ ਲਗਾਉਂਦਿਆਂ ਸੁਣਵਾਈ 28 ਅਗਸਤ ਲਈ ਮੁਲਤਵੀ ਕਰ ਦਿੱਤੀ ਹੈ।