Delhi Liquor Scam: ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਧਾਉਣ ਦੀ ਮੰਗ ਕੀਤੀ ਹੈ। ‘ਆਪ’ ਸੁਪਰੀਮੋ ਇਸ ਸਮੇਂ ਅੰਤਰਿਮ ਜ਼ਮਾਨਤ ‘ਤੇ ਹਨ, ਜਿਸ ਨੂੰ ਸੁਪਰੀਮ ਕੋਰਟ ਨੇ 10 ਮਈ ਨੂੰ ਮਨਜ਼ੂਰ ਕਰ ਲਿਆ ਸੀ।
ਹੇਠਲੀ ਅਦਾਲਤ ਨੇ ਆਖਰੀ ਵਾਰ ਉਹਨਾਂ ਦੀ ਨਿਆਂਇਕ ਹਿਰਾਸਤ 7 ਮਈ ਨੂੰ ਵਧਾ ਦਿੱਤੀ ਸੀ ਅਤੇ ਇਹ ਸੋਮਵਾਰ (ਅੱਜ) ਨੂੰ ਖ਼ਤਮ ਹੋਣ ਵਾਲੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਨਿਆਂਇਕ ਹਿਰਾਸਤ ਵਧਾਉਣ ਦੀ ਈਡੀ ਦੀ ਪਟੀਸ਼ਨ ਨੂੰ ਸੁਣਵਾਈ ਲਈ 2 ਜੂਨ ਨੂੰ ਸੂਚੀਬੱਧ ਕੀਤਾ ਹੈ, ਜਦੋਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਆਤਮ ਸਮਰਪਣ ਕਰਨ ਦਾ ਆਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇ ਕਵਿਤਾ ਖਿਲਾਫ਼ ਦਾਇਰ ਈਡੀ ਦੀ ਚਾਰਜਸ਼ੀਟ ‘ਤੇ ਅੱਜ ਰਾਊਜ਼ ਐਵੇਨਿਊ ਕੋਰਟ ‘ਚ ਸੁਣਵਾਈ ਪੂਰੀ ਨਹੀਂ ਹੋ ਸਕੀ, ਕੱਲ੍ਹ ਚਾਰਜਸ਼ੀਟ ਦਾ ਨੋਟਿਸ ਲੈਣ ‘ਤੇ ਸੁਣਵਾਈ ਜਾਰੀ ਰਹੇਗੀ। ਸੁਣਵਾਈ ਦੌਰਾਨ ਈਡੀ ਨੇ ਕਿਹਾ ਕਿ ਚੈਰੀਅਟ ਮੀਡੀਆ ਦੇ ਕਰਮਚਾਰੀ ਪ੍ਰਿੰਸ ਕੁਮਾਰ ਨੂੰ ਹਵਾਲਾ ਰਾਹੀਂ 16 ਲੱਖ ਰੁਪਏ ਮਿਲੇ ਸਨ।
ਇਹ ਅੰਕੜੇ ਇਨਕਮ ਟੈਕਸ ਵਿਭਾਗ ਤੋਂ ਹਾਸਲ ਕੀਤੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਮਾਮਲੇ ‘ਚ 5 ਵਟਸਐਪ ਡਾਟਾ ਮਿਲਿਆ ਹੈ, ਜਿਸ ‘ਚ ਇਕ ਦੋਸ਼ੀ ਅਰਵਿੰਦ ਕੁਮਾਰ ਨੇ ਅੰਗੜੀਆ (ਹਵਾਲਾ ਕਾਰੋਬਾਰੀ) ਰਾਹੀਂ ਗੋਆ ‘ਚ ਚਰਨਪ੍ਰੀਤ ਸਿੰਘ ਨੂੰ ਪੈਸੇ ਭੇਜੇ ਸਨ। ਖੈਰ, ਹੁਣ ਇਸ ਮਾਮਲੇ ਵਿਚ ਭਲਕੇ ਫਿਰ ਸੁਣਵਾਈ ਹੋਵੇਗੀ।