Friday, November 7, 2025

PM ਮੋਦੀ ਦੀ ‘ਭਾਰਤੀ ਗਾਰੰਟੀ’ ਅਤੇ ਰਾਹੁਲ ਗਾਂਧੀ ਦੀ ‘ਚੀਨੀ ਗਾਰੰਟੀ’ ਵਿਚਾਲੇ ਹੈ ਚੋਣ ਮੁਕਾਬਲਾ: ਅਮਿਤ ਸ਼ਾਹ

ਤੇਲੰਗਾਨਾ/ਭੁਵਨਗਿਰੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇਲੰਗਾਨਾ ਦੇ ਦੌਰੇ ’ਤੇ ਹਨ। ਉਨ੍ਹਾਂ ਨੇ ਭੁਵਨਗਿਰੀ ਲੋਕ ਸਭਾ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਰਾਹੁਲ ਗਾਂਧੀ ਬਨਾਮ ਨਰਿੰਦਰ ਮੋਦੀ ਹਨ।  ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਚੋਣਾਂ ਮੋਦੀ ਦੀ ‘ਭਾਰਤੀ ਗਾਰੰਟੀ’ ਅਤੇ ਰਾਹੁਲ ਗਾਂਧੀ ਦੀ ‘ਚੀਨੀ ਗਾਰੰਟੀ’ ਦਰਮਿਆਨ ਹਨ।

ਉਨ੍ਹਾਂ ਕਿਹਾ ਕਿ ਪ੍ਰਵਾਰ ਦੇ ਵਿਕਾਸ ਅਤੇ ਦੇਸ਼ ਦੇ ਵਿਕਾਸ ਦੀ ਲੜਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੇ ਬਚਕਾਨਾ ਵਾਅਦਿਆਂ ਅਤੇ ਮੋਦੀ ਦੀਆਂ ਗਰੰਟੀਆਂ ਵਿਚਕਾਰ ਚੋਣ ਲੜੀ ਜਾ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਤੇਲੰਗਾਨਾ ’ਚ 10 ਸੀਟਾਂ ਦਿਤੀਆਂ ਜਾਂਦੀਆਂ ਹਨ ਤਾਂ ਅਸੀਂ ਤੇਲੰਗਾਨਾ ਨੂੰ ਦੇਸ਼ ਦਾ ਸਭ ਤੋਂ ਵਿਕਸਤ ਸੂਬਾ ਬਣਾ ਦੇਵਾਂਗੇ।

ਅਮਿਤ ਸ਼ਾਹ ਨੇ ਯਾਦਦਰੀ ਭੁਵਨਗਿਰੀ ਜ਼ਿਲ੍ਹੇ ਦੇ ਭੁਵਨਗਿਰੀ ਵਿਚ ਭਾਜਪਾ ਦੇ ਲੋਕ ਸਭਾ ਉਮੀਦਵਾਰ ਬੂਰਾ ਨਰਸਈਆ ਗੌੜ ਦੇ ਸਮਰਥਨ ਵਿਚ ਪ੍ਰਚਾਰ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਚੋਣ ਜਿਹਾਦ ਲਈ ਵੋਟ ਅਤੇ ਵਿਕਾਸ ਲਈ ਵੋਟ ਵਿਚਕਾਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਤਿੰਨ ਪੜਾਵਾਂ ਦੀਆਂ ਚੋਣਾਂ ਵਿਚ 200 ਤੋਂ ਵੱਧ ਸੀਟਾਂ ਜਿੱਤੀਆਂ ਗਈਆਂ ਹਨ।

ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਜਪਾ ਦੇਸ ਭਰ ਵਿਚ ਕੁੱਲ 400 ਲੋਕ ਸਭਾ ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਤੇਲੰਗਾਨਾ ਵਿਚ 4 ਲੋਕ ਸਭਾ ਸੀਟਾਂ ਜਿੱਤੀਆਂ ਹਨ। ਇਸ ਵਾਰ ਉਹ 10 ਤੋਂ ਵੱਧ ਸੀਟਾਂ ਜਿੱਤਣਗੇ। ਤੇਲੰਗਾਨਾ ਵਿਚ ਦਹਾਈ ਅੰਕਾਂ ਦਾ ਸਕੋਰ ਦੇਸ਼ ਵਿਚ 400 ਸੀਟਾਂ ਲਈ ਰਾਹ ਪੱਧਰਾ ਕਰੇਗਾ।

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਝੂਠ ਬੋਲ ਕੇ ਚੋਣ ਲੜਨਾ ਚਾਹੁੰਦੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਨਰਿੰਦਰ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਰਾਖਵਾਂਕਰਨ ਖ਼ਤਮ ਕਰ ਦੇਣਗੇ। ਪੀਐਮ ਮੋਦੀ ਪਿਛਲੇ 10 ਸਾਲਾਂ ਤੋਂ ਇਸ ਦੇਸ਼ ਦੀ ਅਗਵਾਈ ਕਰ ਰਹੇ ਹਨ, ਪਰ ਉਨ੍ਹਾਂ ਨੇ ਰਾਖਵੇਂਕਰਨ ਨੂੰ ਖ਼ਤਮ ਨਹੀਂ ਕੀਤਾ। ਕਾਂਗਰਸ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਪਾਰਟੀ ਨੇ ਮੁਸਲਮਾਨਾਂ ਨੂੰ 4 ਫ਼ੀ ਸਦੀ ਰਾਖਵਾਂਕਰਨ ਦੇ ਕੇ ਐਸਸੀ, ਐਸਟੀ ਅਤੇ ਓਬੀਸੀ ਦੇ ਰਾਖਵੇਂਕਰਨ ਨੂੰ ਲੁੱਟਿਆ ਹੈ। ਜੇਕਰ ਤੁਸੀਂ ਭਾਜਪਾ ਨੂੰ ਜਿਤਾਉਂਦੇ ਹੋ ਤਾਂ ਅਸੀਂ ਐਸਸੀ,ਐਸਟੀ ਅਤੇ ਓਬੀਸੀ ਲਈ ਰਾਖਵਾਂਕਰਨ ਵਧਾਵਾਂਗੇ।

Hot this week

Related Articles

Popular Categories