PM Modi : ਪੰਜਾਬ ‘ਚ 1 ਜੂਨ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਦੇ ਦੀਨਾਨਗਰ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੀਨਾਨਗਰ ਰੈਲੀ ‘ਚ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ।ਇਸ ਤੋਂ ਬਾਅਦ ਸ਼ਾਮ 5.30 ਵਜੇ ਪੀਐਮ ਨਰਿੰਦਰ ਮੋਦੀ ਜਲੰਧਰ ਵਿੱਚ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ ਵਿੱਚ ਰੈਲੀ ਕਰਨਗੇ ਅਤੇ ਵੋਟਾਂ ਦੀ ਅਪੀਲ ਕਰਨਗੇ।
ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਰਾਹੁਲ ਗਾਂਧੀ ਵਿਦੇਸ਼ ‘ਚ ਜਾ ਕੇ ਦੇਸ਼ ਨੂੰ ਬਦਨਾਮ ਕਰਦੇ ਹਨ। ਉਹ ਰਾਮ ਮੰਦਰ ‘ਤੇ ਸਵਾਲ ਉਠਾਉਂਦੇ ਹਨ। ਮੈਂ ਤੁਹਾਨੂੰ ਦੱਸਦਾ ਹਾਂ ਕਿ ਰਾਮ ਮੰਦਰ ਲਈ ਲੜਾਈ ਲੜਨ ਵਾਲਾ ਪਹਿਲਾ ਵਿਅਕਤੀ ਇੱਕ ਸਿੱਖ ਸੀ। ਮੈਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਮੈਂ ਪੰਜ ਸਾਲ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾ ਦੇਵਾਂਗਾ।
ਕਾਂਗਰਸ ਨੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ : ਮੋਦੀ
ਆਪਣੇ ਸੰਬੋਧਨ ‘ਚ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਾਂਗਰਸ ਦੇ ਸ਼ਹਿਜ਼ਾਦੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਪੀਐਮ ਨੇ ਕਿਹਾ ਕਿ ਇਸੇ ਤਰ੍ਹਾਂ ਮੌਜੂਦਾ ਸਰਕਾਰ ਵੀ ਦਿੱਲੀ ਤੋਂ ਚੱਲਦੀ ਹੈ।
ਪੀਐਮ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਆਦੇਸ਼ ਕਿੱਥੋਂ ਆਉਂਦੇ ਸੀ? ਰਿਮੋਟ ਕੰਟਰੋਲ ਕਿਸ ਕੋਲ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਸਿਪਾਹੀ ਹੋਣ ਦੇ ਨਾਤੇ ਉਨ੍ਹਾਂ ਨੇ ਰਾਸ਼ਟਰੀ ਹਿੱਤਾਂ ‘ਤੇ ਚੱਲਣ ਦਾ ਫੈਸਲਾ ਕੀਤਾ। ਬਦਕਿਸਮਤੀ ਨਾਲ ਅੱਜ ਵੀ ਪੰਜਾਬ ਨੂੰ ਰੀਮੋਟ ਨਾਲ ਚਲਾਉਣ ਦੀ ਕੋਸ਼ਿਸ ਹੋ ਰਹੀ ਹੈ। ਅੱਜ ਮੁੱਖ ਮੰਤਰੀ ਖੁਦ ਫੈਸਲੇ ਨਹੀਂ ਲੈ ਸਕਦੇ।
ਦੇਸ਼ ਨੂੰ ਝੁਕਣ ਨਹੀਂ ਦਿਆਂਗਾ : ਮੋਦੀ
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਰਹੀ ਹੈ। ਮੈਨੂੰ ਇਸ ਮਿੱਟੀ ਦੀ ਸਹੁੰ , ਮੈਂ ਦੇਸ਼ ਨੂੰ ਝੁਕਣ ਨਹੀਂ ਦਿਆਂਗਾ, ਮੈਂ ਦੇਸ਼ ਨੂੰ ਰੁਕਣ ਨਹੀਂ ਦਿਆਂਗਾ। ਉਹ ਦੁਨੀਆਂ ਵਿੱਚ ਜਾ ਕੇ ਕਹਿੰਦੇ ਹਨ ਕਿ ਭਾਰਤ ਕੋਈ ਰਾਸ਼ਟਰ ਹੀ ਨਹੀਂ ਹੈ। ਇਹ ਕਹਿੰਦੇ ਹਨ ਕਿ ਭਾਰਤ ਵਿੱਚ ਰਾਮ ਨੌਮੀ ਮਨਾਉਣ ਨਾਲ ਭਾਰਤ ਦੀ ਪਛਾਣ ਨੂੰ ਖ਼ਤਰਾ ਹੈ। ਅਯੁੱਧਿਆ ਵਿੱਚ 500 ਸਾਲ ਬਾਅਦ ਇੱਕ ਵਿਸ਼ਾਲ ਰਾਮ ਮੰਦਰ ਬਣਾਇਆ ਗਿਆ ਪਰ ਕਾਂਗਰਸ ਨੇ ਇਸ ਦਾ ਬਾਈਕਾਟ ਕੀਤਾ।ਰਾਮ ਮੰਦਰ ਲਈ ਲੜਨ ਵਾਲਾ ਸਭ ਤੋਂ ਪਹਿਲਾ ਵਿਅਕਤੀ ਸਿੱਖ ਸੀ। ਇਸ ਵਾਰ ਉਹ ਰਾਮ ਮੰਦਰ ਦੇ ਪ੍ਰੋਗਰਾਮ ‘ਚ ਮੌਜੂਦ ਸੀ।
ਇੰਡੀ ਗਠਜੋੜ ਵਾਲੇ ਜਨਤਾ ਨੂੰ ਮੂਰਖ ਬਣਾਉਣ ਲਈ ਖੇਡ ਖੇਡ ਰਹੇ ਹਨ : ਪ੍ਰਧਾਨ ਮੰਤਰੀ
ਪੀਐਮ ਨੇ ਕਿਹਾ ਕਿ 2024 ਦੀ ਇਹ ਚੋਣ ਦੇਸ਼ ਨੂੰ ਲੀਡਰਸ਼ਿਪ ਦੇਣ ਦੀ ਚੋਣ ਹੈ। ਅੱਜ ਇੱਕ ਹੋਰ ਭਾਜਪਾ ਅਤੇ ਐਨ.ਡੀ.ਏ. ਹੈ। ਵਿਕਸਤ ਭਾਰਤ ਦਾ ਸਪਸ਼ਟ ਵਿਜਨ ਹੈ। ਇਹ ਸਭ ਤੋਂ ਪਹਿਲਾਂ ਕੌਮ ਦਾ ਸੰਕਲਪ ਹੈ। 10 ਸਾਲਾਂ ਦਾ ਟਰੈਕ ਰਿਕਾਰਡ ਹੈ। ਭ੍ਰਿਸ਼ਟਾਚਾਰ ‘ਤੇ ਜ਼ੋਰਦਾਰ ਹਮਲਾ ਹੋਇਆ ਹੈ।
ਦੂਜੇ ਪਾਸੇ ਇੰਡੀ ਗੱਠਜੋੜ ਹੈ। ਅਤਿਅੰਤ ਫਿਰਕੂ ਅਤੇ ਅਤਿ ਜਾਤੀਵਾਦੀ ਹੈ। ਕਾਂਗਰਸ -ਝਾੜੂ ਵਾਲੇ ਲੋਕ, ਇਹ ਇੰਡੀ ਗਠਜੋੜ ਦੇ ਲੋਕ, ਜਨਤਾ ਨੂੰ ਪਤਾ ਨੀ ਕੀ ਸਮਝਦੇ ਹਨ। ਉਹ ਹਰ ਰੋਜ਼ ਜਨਤਾ ਨੂੰ ਮੂਰਖ ਬਣਾਉਣ ਦੀ ਖੇਡ ਖੇਡ ਰਹੇ ਹਨ। ਉਹ ਦਿੱਲੀ ਵਿੱਚ ਦੋਸਤ ਹਨ ਅਤੇ ਪੰਜਾਬ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ਇਨ੍ਹਾਂ ਦੋਵਾਂ ਦੁਕਾਨਾਂ ਦਾ ਸ਼ਟਰ ਇੱਕੋ ਹੀ ਹੈ। ਜਨਤਾ ਨੂੰ ਇਹ ਪਤਾ ਲੱਗ ਚੁੱਕਾ ਹੈ।