Friday, November 22, 2024
HomePUNJABRaja Warring: ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ: ਰਾਜਾ...

Raja Warring: ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ: ਰਾਜਾ ਵੜਿੰਗ

 ਚੰਡੀਗੜ੍ਹ: ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ  ਦੀਆਂ ਸੰਭਵਾਨਾਵਾਂ ਬਾਰੇ ਟਿੱਪਣੀ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਹਾਲ ਦੇ ਘਟਨਾਕ੍ਰਮ ਅਤੇ ਰਾਜਨੀਤਿਕ ਹਲਾਤਾਂ ਦੌਰਾਨ ਅਕਾਲੀ ਦਲ ਆਪਣੀ ਸਾਖ ਨੂੰ ਬਚਾਉਣ ਲਈ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਉਹ ਚਾਹੇ ਜਿਹੜਾ ਮਰਜ਼ੀ ਕਾਰਡ ਖੇਡ ਲੈਣ ਉਨ੍ਹਾਂ ਦੀ ਹਾਰ ਤੈਅ ਹੈ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਹਾਲ ਹੀ ਦੇ ਨਤੀਜਿਆਂ ਨੇ ਅਕਾਲੀ ਦਲ ਦੀ ਸਥਿਤੀ ਨੂੰ ਸਾਫ਼ ਸਪੱਸ਼ਟ ਕਰ ਦਿੱਤਾ ਸੀ। ਉਨ੍ਹਾਂ ਦੇ ਕਾਰਜਕਾਲ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਿਆਸਤ ‘ਚ ਉਨ੍ਹਾਂ ਦੀ ਖੁੰਝ ਚੁੱਕੀ ਜ਼ਮੀਨ ਨੂੰ ਕਦੇ ਵਾਪਸ ਨਹੀੰ ਆਉਣ ਦੇਣਗੀਆਂ।

ਅੱਗੇ ਵਿਸਤਾਰ ਦਿੰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ – “ਅਕਾਲੀ ਦਲ ਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਕੇ ਵਿਵਾਦਪੂਰਨ ਫੈਸਲੇ ਕਰਨਾ ਉਹਨਾਂ ਦੇ ਅਸਲ ਰਾਜਨੀਤਿਕ ਏਜੰਡੇ ਨੂੰ ਪ੍ਰਗਟ ਕਰਦਾ ਹੈ। ਵੱਡੇ ਬਾਦਲ, ਸੁਖਬੀਰ ਅਤੇ ਮਜੀਠੀਆ ਸਮੇਤ ਪਾਰਟੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਲਗਾਤਾਰ ਚੋਣ ਵਿੱਚ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਲੋਕਾਂ ਦਾ ਉਨ੍ਹਾਂ ‘ਚ ਵਿਸ਼ਵਾਸ ਦੇ ਟੁੱਟਣ ਦਾ ਸੰਕੇਤ ਹੈ। ਸਾਡਾ ਪੱਕਾ ਵਿਸ਼ਵਾਸ ਹੈ ਕਿ ਇਹ ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੈ।

ਕਾਂਗਰਸ ਦੀ ਚੋਣ ਲੜੀ ਬਾਰੇ ਸਵਾਲਾਂ ਦੇ ਜਵਾਬ ਵਿੱਚ, ਉਹਨਾਂ ਨੇ ਪੁਸ਼ਟੀ ਕੀਤੀ – “ਅਸੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਰਣਨੀਤੀ ਦਾ ਖੁਲਾਸਾ ਕਰਨ ਲਈ ਤਿਆਰ ਹਾਂ। ਯਕੀਨਨ, ਸਾਡੇ ਉਮੀਦਵਾਰਾਂ ਦੀ ਚੋਣ ਬੜੀ ਸਾਵਧਾਨੀ ਨਾਲ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਨਾਮ ਜਲਦੀ ਹੀ ਜਨਤਕ ਕੀਤੇ ਜਾਣਗੇ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਹਰੇਕ ਉਮੀਦਵਾਰ ਨੂੰ ਉਨ੍ਹਾਂ ਦੇ ਹਲਕੇ ਦੀ ਜਨਤਾ ਵੱਲੋਂ ਪਿਆਰ ਦਿੱਤਾ ਜਾਵੇਗਾ ਅਤੇ ਹਰ ਦੂਜੇ ਸਿਆਸੀ ਪਾਰਟੀ ਦੇ ਉਮੀਦਵਾਰਾਂ ਦੇ ਝੂਠੇ ਵਾਅਦਿਆਂ ਦੀ ਬਜਾਏ ਉਨ੍ਹਾਂ ਨੂੰ ਅਸਲ ਕੰਮ ਵਿੱਚ ਲਗਾਇਆ ਜਾਵੇਗਾ।

ਭਾਜਪਾ ਦੇ ਚਾਲ-ਚੱਲਣ ‘ਤੇ ਟਿੱਪਣੀ ਕਰਦੇ ਹੋਏ, ਰਾਜਾ ਵੜਿੰਗ ਨੇ ਕਿਹਾ ਕਿ – ਇਹ ਵੋਟਰਾਂ ਨੂੰ ਵੱਧ ਤੋਂ ਵੱਧ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਸੱਤਾ ਦੀ ਦੁਰਵਰਤੋਂ ਕਰਕੇ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਏਜੰਸੀਆਂ ਦਾ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ ਹੈ। ਵੋਟਰਾਂ ਨੇ ਭਾਜਪਾ ਦੇ ਸ਼ਾਸਨ ਦੇ ਅਸਲ ਰੂਪ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਉੱਚੀਆਂ ਚੋਣਾਵੀਂ ਗਤੀਵਿਧੀਆਂ, ਪੁਰਾਣੀਆਂ ਸਾਲਾਂ ਦੀ ‘ਇੰਡੀਆ ਸ਼ਾਈਨਿੰਗ’ ਮੁਹਿੰਮ ਦੇ ਵਾਂਗ ਢਹਿ ਢੇਰੀ ਹੋਣ ਵਾਲੀਆਂ ਹਨ।

ਅੰਤ ਵਿੱਚ, ਕਾਂਗਰਸ ਪ੍ਰਧਾਨ ਨੇ ਪੁਸ਼ਟੀ ਕੀਤੀ – “ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਹਾਂ, ਅਸੀਂ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਅਤੇ ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਦੇ ਸਿਧਾਂਤਾਂ ਪ੍ਰਤੀ ਦ੍ਰਿੜ ਰਹਿੰਦੇ ਅਤੇ ਰਹਾਂਗੇ।

RELATED ARTICLES

Most Popular