Lok Sabha Elections 2024 : ਪੰਜਾਬ ਵਿਚ ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ ਨੇ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਪੰਜਾਬ ਦੀਆਂ 13 ਸੀਟਾਂ ‘ਤੇ ਹੁਣ 349 ਉਮੀਦਵਾਰ ਚੋਣ ਲੜ ਰਹੇ ਹਨ। ਜੇਕਰ ਪਿਛਲੀਆਂ 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਸਿਰਫ਼ 278 ਉਮੀਦਵਾਰ ਹੀ ਮੈਦਾਨ ਵਿਚ ਸਨ। ਅੱਜ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਸੀ, ਜਿਸ ਤੋਂ ਬਾਅਦ ਵੱਡੀਆਂ ਪਾਰਟੀਆਂ ਤੋਂ ਇਲਾਵਾ ਹੋਰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 7ਵੇਂ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀਆਂ 7 ਤੋਂ 14 ਮਈ ਤੱਕ ਦਾਖ਼ਲ ਕੀਤੀਆਂ ਜਾਣੀਆਂ ਹਨ। 14 ਮਈ ਤੱਕ 466 ਉਮੀਦਵਾਰਾਂ ਨੇ 598 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਅੱਜ 17 ਮਈ ਸ਼ੁੱਕਰਵਾਰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ। ਉਮੀਦਵਾਰ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਸਨ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ ਜਾਣਗੇ। ਇਸ ਦੇ ਨਾਲ ਹੀ ਇਸ ਤੋਂ ਬਾਅਦ ਚੋਣ ਮਾਹੌਲ ਗਰਮਾਉਣਾ ਸ਼ੁਰੂ ਹੋ ਜਾਵੇਗਾ।
ਭਾਜਪਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਦੌਰੇ ‘ਤੇ ਹੋਣਗੇ। ਜਿਸ ਤੋਂ ਬਾਅਦ ਕਈ ਸਮੀਕਰਨ ਬਦਲ ਜਾਣਗੇ। ਜਿਨ੍ਹਾਂ ਵੋਟਰਾਂ ਨੇ ਅਜੇ ਤੱਕ ਫੈਸਲਾ ਨਹੀਂ ਲਿਆ ਹੈ, ਉਹ ਇਨ੍ਹਾਂ ਵੱਡੀਆਂ ਰੈਲੀਆਂ ਤੋਂ ਬਾਅਦ ਆਪਣਾ ਫੈਸਲਾ ਲੈ ਸਕਦੇ ਹਨ ਜਾਂ ਬਦਲ ਸਕਦੇ ਹਨ।