ਨਵੀਂ ਦਿੱਲੀ: ਮਹਿੰਦਰਾ ਫਾਈਨਾਂਸ ਦੀ ਇਕ ਬ੍ਰਾਂਚ ਅੰਦਰ ਰੀਟੇਲ ਆਟੋ ਲੋਨ ਪੋਰਟਫੋਲੀਓ ’ਚ ਕਰੀਬ 150 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲੱਗਣ ਤੋਂ ਬਾਅਦ ਮੰਗਲਵਾਰ ਨੂੰ ਹੋਣ ਵਾਲੀ ਨਿਰਦੇਸ਼ਕ ਮੰਡਲ ਦੀ ਬੈਠਕ ਮੁਲਤਵੀ ਕਰ ਦਿਤੀ ਗਈ ਹੈ। ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸਿਜ਼ ਦੇ ਨਿਰਦੇਸ਼ਕ ਮੰਡਲ ਦੀ ਮਾਰਚ ਤਿਮਾਹੀ ਅਤੇ ਵਿੱਤੀ ਸਾਲ 2023-24 ਦੇ ਵਿੱਤੀ ਨਤੀਜਿਆਂ ਨੂੰ ਮਨਜ਼ੂਰੀ ਦੇਣ ਲਈ ਮੰਗਲਵਾਰ ਨੂੰ ਬੈਠਕ ਹੋਣੀ ਸੀ।
ਕੰਪਨੀ ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਬੋਰਡ ਦੀ ਬੈਠਕ ਦੀ ਨਵੀਂ ਤਰੀਕ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। ਮਹਿੰਦਰਾ ਫਾਈਨਾਂਸ ਨੇ ਕਿਹਾ ਕਿ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਆਖਰੀ ਦਿਨਾਂ ’ਚ ਉੱਤਰ-ਪੂਰਬ ’ਚ ਸਥਿਤ ਇਕ ਬ੍ਰਾਂਚ ਅੰਦਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
ਕੰਪਨੀ ਨੇ ਕਿਹਾ, ‘‘ਰੀਟੇਲ ਆਨੋ ਕਰਜ਼ਾ ਵੰਡ ਦੇ ਸਬੰਧ ’ਚ ਕੇ.ਵਾਈ.ਸੀ. ਦਸਤਾਵੇਜ਼ਾਂ ’ਚ ਜਾਅਲਸਾਜ਼ੀ ਕੀਤੀ ਗਈ, ਜਿਸ ਨਾਲ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਹੋਈ। ਮਾਮਲੇ ਦੀ ਜਾਂਚ ਐਡਵਾਂਸ ਪੜਾਅ ’ਤੇ ਹੈ। ਅਨੁਮਾਨ ਹੈ ਕਿ ਇਸ ਧੋਖਾਧੜੀ ਕਾਰਨ ਵਿੱਤੀ ਬੋਝ 150 ਕਰੋੜ ਰੁਪਏ ਤਕ ਹੈ।’’
ਮਹਿੰਦਰਾ ਗਰੁੱਪ ਦੀ ਫਰਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਸੁਧਾਰਾਤਮਕ ਕਾਰਵਾਈਆਂ ਦੀ ਪਛਾਣ ਕੀਤੀ ਗਈ ਹੈ ਅਤੇ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ’ਤੇ ਹਨ। ਇਸ ਸਬੰਧ ’ਚ ਕੁੱਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।