India-Russia Visa-Free Travel: ਰੂਸ ਅਤੇ ਭਾਰਤ ਜੂਨ ਵਿਚ ਇਕ ਦੁਵੱਲੇ ਸਮਝੌਤੇ ‘ਤੇ ਵਿਚਾਰ ਕਰਨਾ ਸ਼ੁਰੂ ਕਰਨਗੇ ਤਾਂ ਜੋ ਇਕ ਦੂਜੇ ਦੇ ਦੇਸ਼ਾਂ ਵਿਚ ਨਾਗਰਿਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ। ਰੂਸ ਦੇ ਇਕ ਮੰਤਰੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸਮਝੌਤਾ ਕਰਨ ਦੇ ਨੇੜੇ ਹਨ, ਜਿਸ ਨਾਲ ਸੈਲਾਨੀ ਇਕ-ਦੂਜੇ ਦੇ ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਣਗੇ।
ਰੂਸੀ ਨਿਊਜ਼ ਚੈਨਲ ਆਰਟੀ ਨਿਊਜ਼ ਨੇ ਰੂਸ ਦੇ ਆਰਥਿਕ ਵਿਕਾਸ ਮੰਤਰਾਲੇ ਦੇ ਬਹੁਪੱਖੀ ਆਰਥਿਕ ਸਹਿਯੋਗ ਅਤੇ ਵਿਸ਼ੇਸ਼ ਪ੍ਰਾਜੈਕਟ ਵਿਭਾਗ ਦੀ ਡਾਇਰੈਕਟਰ ਨਿਕਿਤਾ ਕੌਂਡਰਾਟੇਵ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਵਿਚ ਇਸ ਮੁੱਦੇ ‘ਤੇ ਪ੍ਰਗਤੀ ਹੋਈ ਹੈ। ਮੰਤਰੀ ਨੇ ਕਜ਼ਾਨ ‘ਚ ਅੰਤਰਰਾਸ਼ਟਰੀ ਆਰਥਿਕ ਫੋਰਮ ‘ਰੂਸ-ਇਸਲਾਮਿਕ ਵਰਲਡ: ਕਜ਼ਾਨ ਫੋਰਮ 2024’ ਦੇ ਮੌਕੇ ‘ਤੇ ਕਿਹਾ ਕਿ ਸਮਝੌਤੇ ਦੇ ਖਰੜੇ ‘ਤੇ ਜੂਨ ‘ਚ ਚਰਚਾ ਹੋਵੇਗੀ ਅਤੇ ਇਸ ‘ਤੇ ਸਾਲ ਦੇ ਅੰਤ ਤਕ ਹਸਤਾਖਰ ਹੋਣ ਦੀ ਉਮੀਦ ਹੈ।
ਮੰਤਰੀ ਨੇ ਕਿਹਾ, “ਰੂਸ ਅਤੇ ਭਾਰਤ ਅਪਣੇ ਸੈਰ-ਸਪਾਟਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਤਸੁਕ ਹਨ ਕਿਉਂਕਿ ਉਹ ਵੀਜ਼ਾ ਮੁਕਤ ਸਮੂਹ ਸੈਰ-ਸਪਾਟਾ ਅਦਾਨ-ਪ੍ਰਦਾਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਸਾਲ ਦੇ ਅੰਤ ਤਕ ਦੁਵੱਲੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਲਾਹ-ਮਸ਼ਵਰੇ ਦਾ ਪਹਿਲਾ ਦੌਰ ਜੂਨ ਵਿਚ ਹੋਵੇਗਾ। ’’
ਨਿਕਿਤਾ ਨੇ ਕਿਹਾ ਕਿ ਰੂਸ ਦੀ ਯੋਜਨਾ ਚੀਨ ਅਤੇ ਈਰਾਨ ਨਾਲ ਪਹਿਲਾਂ ਹੀ ਹਸਤਾਖਰ ਕੀਤੇ ਗਏ ਸਮਝੌਤਿਆਂ ਨੂੰ ਭਾਰਤ ਨਾਲ ਦੁਹਰਾਉਣ ਦੀ ਹੈ। ਰੂਸ ਅਤੇ ਚੀਨ ਨੇ ਪਿਛਲੇ ਸਾਲ 1 ਅਗਸਤ ਨੂੰ ਵੀਜ਼ਾ ਮੁਕਤ ਸਮੂਹ ਸੈਰ-ਸਪਾਟਾ ਐਕਸਚੇਂਜ ਦੀ ਸ਼ੁਰੂਆਤ ਕੀਤੀ ਸੀ। ਉਸੇ ਦਿਨ, ਰੂਸ ਨੇ ਨਵੇਂ ਯੁੱਗ ਦੇ ਸੈਰ-ਸਪਾਟਾ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਈਰਾਨ ਨਾਲ ਇਕ ਅਜਿਹੇ ਹੀ ਸਮਝੌਤੇ ‘ਤੇ ਦਸਤਖਤ ਕੀਤੇ।