ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦੀ ਗ੍ਰਿਫਤਾਰੀ ਨੂੰ ਲੈ ਕੇ ਤੰਜ਼ ਕੱਸਿਆ ਹੈ। ਸੀਐਮ ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਹਿਮਾਚਲ ਦੇ ਸ਼ਿਮਲਾ ਤੋਂ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੀਐਮ ਨੇ ਜਿੱਥੇ ਇਸ ਪੋਸਟ ਨੂੰ ਲੈ ਕੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ ਹੈ, ਉੱਥੇ ਹੀ ਸੀਐਮ ਨੇ ਹਰ ਵਿਸ਼ੇ ‘ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਬਿਕਰਮ ਮਜੀਠੀਆ ਨੂੰ ਵੀ ਆੜੇ ਹੱਥੀਂ ਲਿਆ ਹੈ। ਸੀਐਮ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮਜੀਠਿਆ ਸਾਬ੍ਹ ਸੁੱਚਾ ਸਿੰਘ ਲੰਗਾਹ ਦੇ ਪੁੱਤ ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ। ਇਸ ਦੇ ਵੀ ਮਾਮਾ ਜੀ ਬਣੋ।
ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਉਸ ਦੇ 4 ਦੋਸਤਾਂ ਸਮੇਤ ਹਿਮਾਚਲ ਪ੍ਰਦੇਸ਼ ‘ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਹੈਰੋਇਨ (ਚਿੱਟਾ) ਅਤੇ ਇੱਕ ਪੈਮਾਨਾ ਬਰਾਮਦ ਕੀਤਾ ਗਿਆ ਹੈ। ਸਾਰੇ ਨਸ਼ੇ ਦੀ ਹਾਲਤ ਵਿਚ ਸਨ।