ਨਵੀਂ ਦਿੱਲੀ: ਏਸ਼ੀਆਈ ਚੈਂਪੀਅਨਸ਼ਿਪ 2023 ਦੇ 400 ਮੀਟਰ ਮੁਕਾਬਲੇ ਵਿਚ ਚੋਟੀ ਦੀ ਭਾਰਤੀ ਅਥਲੀਟ ਐਸ਼ਵਰਿਆ ਮਿਸ਼ਰਾ ਦਾ ਕਾਂਸੀ ਦਾ ਤਗਮਾ ਚਾਂਦੀ ਦੇ ਤਗਮੇ ਵਿਚ ਬਦਲ ਜਾਵੇਗਾ। ਕਿਉਂਕਿ ਉਜ਼ਬੇਕਿਸਤਾਨ ਦੀ ਫਰੀਦਾ ਸੋਲੀਏਵਾ, ਜੋ ਇਸ ਮੁਕਾਬਲੇ ’ਚ ਸ਼ੁਰੂਆਤ ਵਿੱਚ ਦੂਜੇ ਸਥਾਨ ’ਤੇ ਰਹੀ ਸੀ ਅਤੇ ਡੋਪ ਟੈਸਟ ਵਿਚ ਫੇਲ੍ਹ ਹੋ ਗਈ ਹੈ।
ਪਿਛਲੇ ਸਾਲ ਬੈਂਕਾਕ ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 13 ਜੁਲਾਈ ਨੂੰ ਲਏ ਗਏ ਸੋਲੀਏਵਾ ਦੇ ਪਿਸ਼ਾਬ ਦੇ ਨਮੂਨੇ ਵਿੱਚ ਪਾਬੰਦੀਸ਼ੁਦਾ ਪਦਾਰਥ ਮੈਲਡੋਨੀਅਮ ਪਾਇਆ ਗਿਆ ਸੀ ਅਤੇ ਅੰਤਰਰਾਸ਼ਟਰੀ ਫੈਡਰੇਸ਼ਨ ਦੀ ਡੋਪਿੰਗ ਵਿਰੋਧੀ ਸੰਸਥਾ ਐਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ ਉਸ ਦੇ ਸਾਰੇ ਨਤੀਜੇ ਇਸ ਤਰ੍ਹਾਂ ਐਲਾਨ ਦਿੱਤੇ ਹਨ।
ਏਆਈਯੂ ਨੇ ਕਿਹਾ, “ਏਆਈਯੂ” ਫਰੀਦਾ ਸੋਲੀਏਵਾ ’ਤੇ ਪਾਬੰਦੀਸ਼ੁਦਾ ਪਦਾਰਥ (ਮੇਲਡੋਨੀਅਮ) ਦੀ ਮੌਜੂਦਗੀ/ਵਰਤੋਂ ਲਈ 13 ਸਤੰਬਰ 2023 ਤੋਂ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਹੈ। ਉਨ੍ਹਾਂ ਦੇ ਸਾਰੇ ਨਤੀਜੇ 13 ਜੁਲਾਈ, 2023 ਤੋਂ ਅਵੈਧ ਘੋਸ਼ਿਤ ਕਰ ਦਿੱਤੇ ਗਏ ਹਨ।’’ ਸੋਲੀਏਵਾ 52.95 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੀ ਜਦੋਂਕਿ ਐਸ਼ਵਰਿਆ 53.07 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ।
ਸ਼੍ਰੀਲੰਕਾ ਦੀ ਨਦੀਸ਼ਾ ਰਾਮਨਾਇਕ ਨੇ 52.61 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। ਐਸ਼ਵਰਿਆ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਮਿਕਸਡ 4 ਗੁਣਾ 400 ਮੀਟਰ ਰਿਲੇਅ ਟੀਮ ਅਤੇ ਕਾਂਸੀ ਦਾ ਤਗ਼ਮਾ ਜੇਤੂ ਮਹਿਲਾ 4 ਗੁਣਾ 400 ਮੀਟਰ ਰਿਲੇਅ ਟੀਮ ਦਾ ਵੀ ਹਿੱਸਾ ਸੀ।